ਸਜ਼ਾ ਪੂਰੀ ਕਰ ਚੁੱਕੇ ਕੈਦੀ ਤੁਰੰਤ ਛੱਡੇ ਜਾਣ : ਸੁਪਰੀਮ ਕੋਰਟ

0
160

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਉਨ੍ਹਾਂ ਕੈਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ, ਜੋ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ। ਉਸ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਕਿ ਜੇ ਅਜਿਹੇ ਕਿਸੇ ਦੋਸ਼ੀ ਦੀ ਕਿਸੇ ਹੋਰ ਕੇਸ ਵਿੱਚ ਲੋੜ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ 2002 ਦੇ ਨੀਤੀਸ਼ ਕਟਾਰਾ ਕਤਲ ਕੇਸ ਵਿੱਚ ਸੁਖਦੇਵ ਯਾਦਵ ਉਰਫ ਪਹਿਲਵਾਨ ਦੀ ਰਿਹਾਈ ਦਾ ਹੁਕਮ ਦਿੰਦੇ ਹੋਏ ਇਹ ਨਿਰਦੇਸ਼ ਦਿੱਤਾ। ਅਦਾਲਤ ਨੇ ਕਿਹਾ ਕਿ ਯਾਦਵ ਨੇ ਇਸ ਸਾਲ ਮਾਰਚ ਵਿੱਚ ਬਿਨਾਂ ਕਿਸੇ ਛੋਟ ਦੇ ਆਪਣੀ 20 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ।
ਬੈਂਚ ਨੇ ਕਿਹਾ, ‘‘ਇਸ ਹੁਕਮ ਦੀ ਕਾਪੀ ਰਜਿਸਟਰੀ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਗ੍ਰਹਿ ਸਕੱਤਰਾਂ ਨੂੰ ਭੇਜੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਕੋਈ ਦੋਸ਼ੀ ਜਾਂ ਕੈਦੀ ਸਜ਼ਾ ਦੀ ਮਿਆਦ ਤੋਂ ਬਾਅਦ ਵੀ ਜੇਲ੍ਹ ਵਿੱਚ ਰਿਹਾ ਹੈ। ਜੇ ਅਜਿਹਾ ਹੈ ਤਾਂ ਅਜਿਹੇ ਦੋਸ਼ੀਆਂ ਨੂੰ ਰਿਹਾਅ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ, ਜੇ ਉਨ੍ਹਾਂ ਦੀ ਕਿਸੇ ਹੋਰ ਮਾਮਲੇ ਵਿੱਚ ਲੋੜ ਨਾ ਹੋਵੇ। ਇਸੇ ਤਰ੍ਹਾਂ ਦੀ ਇੱਕ ਕਾਪੀ ਮੈਂਬਰ ਸਕੱਤਰ ਨੈਸ਼ਨਲ ਲੀਗਲ ਸਰਵਿਸ ਅਥਾਰਟੀਜ਼ ਨੂੰ ਅੱਗੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੀਗਲ ਸਰਵਿਸ ਅਥਾਰਟੀਜ਼ ਦੇ ਮੈਂਬਰ ਸਕੱਤਰਾਂ ਨੂੰ ਭੇਜੀ ਜਾਵੇ ਤਾਂ ਜੋ ਰਾਜਾਂ ਵਿੱਚ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀਜ਼ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਿਹਾ ਜਾ ਸਕੇ।’’
ਸੁਪਰੀਮ ਕੋਰਟ ਨੇ ਕਿਹਾ ਕਿ ਯਾਦਵ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਸੀ। ਬੈਂਚ ਨੇ ਕਿਹਾ, ‘‘9 ਮਾਰਚ, 2025 ਤੋਂ ਬਾਅਦ ਅਪੀਲਕਰਤਾ ਦੀ ਕੋਈ ਹੋਰ ਕੈਦ ਨਹੀਂ ਹੋ ਸਕਦੀ… ਅਸਲ ਵਿੱਚ 10 ਮਾਰਚ, 2025 ਨੂੰ ਅਪੀਲਕਰਤਾ ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਸੀ, ਕਿਉਂਕਿ ਉਸ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ।’’ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਯਾਦਵ ਨੂੰ ਤਿੰਨ ਮਹੀਨਿਆਂ ਦੀ ਫਰਲੋ ਦਿੱਤੀ ਸੀ, ਕਿਉਂਕਿ ਉਸ ਨੇ ਬਿਨਾਂ ਕਿਸੇ ਛੋਟ ਦੇ ਲਗਾਤਾਰ 20 ਸਾਲ ਕੈਦ ਕੱਟੀ ਸੀ। (ਫਰਲੋ ਜੇਲ੍ਹ ਤੋਂ ਇੱਕ ਅਸਥਾਈ ਰਿਹਾਈ ਹੁੰਦੀ ਹੈ, ਪੂਰੀ ਸਜ਼ਾ ਦੀ ਮੁਅੱਤਲੀ ਜਾਂ ਛੋਟ ਨਹੀਂ ਹੁੰਦੀ, ਅਤੇ ਇਹ ਆਮ ਤੌਰ ’ਤੇ ਲੰਬੇ ਸਮੇਂ ਦੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੀ ਸਜ਼ਾ ਦਾ ਕੁਝ ਹਿੱਸਾ ਕੱਟਿਆ ਹੁੰਦਾ ਹੈ।)
ਯਾਦਵ ਦੀ ਪਟੀਸ਼ਨ ਨੇ ਦਿੱਲੀ ਹਾਈ ਕੋਰਟ ਦੇ ਨਵੰਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਨੇ ਉਸ ਨੂੰ ਤਿੰਨ ਹਫਤਿਆਂ ਲਈ ਫਰਲੋ ’ਤੇ ਰਿਹਾਅ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
3 ਅਕਤੂਬਰ 2016 ਨੂੰ ਸੁਪਰੀਮ ਕੋਰਟ ਨੇ ਨੀਤੀਸ਼ ਕਟਾਰਾ ਦੇ ਸਨਸਨੀਖੇਜ਼ ਅਗਵਾ ਅਤੇ ਕਤਲ ਵਿੱਚ ਭੂਮਿਕਾ ਲਈ ਵਿਕਾਸ ਯਾਦਵ ਅਤੇ ਉਸ ਦੇ ਚਚੇਰੇ ਭਰਾ ਵਿਸ਼ਾਲ ਯਾਦਵ ਨੂੰ ਬਿਨਾਂ ਕਿਸੇ ਛੋਟ ਦੇ 25 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਸੀ। ਸਹਿ-ਦੋਸ਼ੀ ਸੁਖਦੇਵ ਯਾਦਵ ਨੂੰ 20 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ।
ਉਨ੍ਹਾਂ ਨੂੰ 16 ਅਤੇ 17 ਫਰਵਰੀ, 2002 ਦੀ ਦਰਮਿਆਨੀ ਰਾਤ ਨੂੰ ਇੱਕ ਵਿਆਹ ਦੀ ਪਾਰਟੀ ਤੋਂ ਕਟਾਰਾ ਨੂੰ ਅਗਵਾ ਕਰਨ ਅਤੇ ਫਿਰ ਵਿਕਾਸ ਦੀ ਭੈਣ ਭਾਰਤੀ ਯਾਦਵ ਨਾਲ ਉਸ ਦੇ ਕਥਿਤ ਸੰਬੰਧਾਂ ਕਾਰਨ ਉਸ ਨੂੰ ਮਾਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਭਾਰਤੀ ਯੂ ਪੀ ਦੇ ਸਿਆਸਤਦਾਨ ਡੀ ਪੀ ਯਾਦਵ ਦੀ ਧੀ ਹੈ। ਟਰਾਇਲ ਕੋਰਟ ਨੇ ਕਿਹਾ ਕਿ ਕਟਾਰਾ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਵਿਸ਼ਾਲ ਅਤੇ ਵਿਕਾਸ ਯਾਦਵ ਉਨ੍ਹਾਂ ਦੀਆਂ ਵੱਖ-ਵੱਖ ਜਾਤਾਂ ਕਾਰਨ ਭਾਰਤੀ ਨਾਲ ਉਸ ਦੇ ਸੰਬੰਧਾਂ ਨੂੰ ਮਨਜ਼ੂਰੀ ਨਹੀਂ ਦਿੰਦੇ ਸਨ।