ਗਾਂ ਨੂੰ ਕੌਮੀ ਜਾਨਵਰ ਐਲਾਨਣ ਦੀ ਯੋਜਨਾ ਨਹੀਂ

0
157

ਨਵੀਂ ਦਿੱਲੀ : ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਐੱਸ ਪੀ ਸਿੰਘ ਬਘੇਲ ਨੇ ਮੰਗਲਵਾਰ ਲੋਕ ਸਭਾ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੀ ਗਾਂ ਨੂੰ ਕੌਮੀ ਜਾਨਵਰ/ਪਸ਼ੂ ਐਲਾਨਣ ਲਈ ਕਾਨੂੰਨ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ।
ਸੀਨੀਅਰ ਭਾਜਪਾ ਨੇਤਾ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤਿ੍ਰਵੇਂਦਰ ਸਿੰਘ ਰਾਵਤ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਬਘੇਲ ਨੇ ਕਿਹਾ, ‘ਨਹੀਂ, ਸ੍ਰੀਮਾਨ, ਸੰਵਿਧਾਨ ਦੀ ਧਾਰਾ 246 (3) ਦੇ ਅਨੁਸਾਰ ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਕ ਸ਼ਕਤੀਆਂ ਦੀ ਵੰਡ ਦੇ ਤਹਿਤ ਜਾਨਵਰਾਂ ਦੀ ਸੰਭਾਲ ਇੱਕ ਅਜਿਹਾ ਮਾਮਲਾ ਹੈ, ਜਿਸ ’ਤੇ ਰਾਜ ਵਿਧਾਨ ਸਭਾਵਾਂ ਕੋਲ ਕਾਨੂੰਨ ਬਣਾਉਣ ਦੀਆਂ ਵਿਸ਼ੇਸ਼ ਸ਼ਕਤੀਆਂ ਹਨ।’
ਬਘੇਲ ਨੇ ਕਿਹਾ ਕਿ ਕੇਂਦਰ ਸਰਕਾਰ ਦਸੰਬਰ 2014 ਤੋਂ ਰਾਸ਼ਟਰੀ ਗੋਕੁਲ ਮਿਸ਼ਨ ਨੂੰ ਲਾਗੂ ਕਰ ਰਹੀ ਹੈ, ਤਾਂ ਜੋ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਗਾਵਾਂ ਦੀ ਸੁਰੱਖਿਆ ਅਤੇ ਪਾਲਣ-ਪੋਸ਼ਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਸਮਰਥਨ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ।
ਦੁੱਧ ਉਤਪਾਦਨ ਬਾਰੇ ਬਘੇਲ ਨੇ ਸਦਨ ਨੂੰ ਦੱਸਿਆ ਕਿ 2024 ਵਿੱਚ ਦੇਸ਼ ’ਚ ਕੁੱਲ 23.93 ਕਰੋੜ ਟਨ ਦੁੱਧ ਦੀ ਪੈਦਾਵਾਰ ਹੋਈ ਅਤੇ ਇਸ ਵਿੱਚ ਗਾਂ ਦੇ ਦੁੱਧ ਦਾ ਯੋਗਦਾਨ 53.12 ਫੀਸਦੀ ਸੀ, ਜਦੋਂ ਕਿ ਮੱਝਾਂ ਦੇ ਦੁੱਧ ਦਾ ਯੋਗਦਾਨ 43.62 ਫੀਸਦੀ ਸੀ।