ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ 80ਵੇਂ ਸਾਲਾਨਾ ਇਜਲਾਸ ਦੀ ਉੱਚ ਪੱਧਰੀ ਬੈਠਕ ਨੂੰ ਸੰਬੋਧਨ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਵਿੱਚ ਇਹ ਗੱਲ ਕਹੀ ਗਈ ਹੈ। ਉੱਚ ਪੱਧਰੀ ਬੈਠਕ 23-29 ਸਤੰਬਰ ਤੱਕ ਚੱਲੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 23 ਸਤੰਬਰ ਨੂੰ ਸੰਬੋਧਨ ਕਰਨਗੇ। ਉੱਚ ਪੱਧਰੀ ਬਹਿਸ ਲਈ ਬੁਲਾਰਿਆਂ ਦੀ ਆਰਜ਼ੀ ਸੂਚੀ ਮੁਤਾਬਕ ਭਾਰਤ ਦੇ ‘ਸਰਕਾਰ ਮੁਖੀ (87)’ 26 ਸਤੰਬਰ ਦੀ ਸਵੇਰ ਨੂੰ ਸੰਬੋਧਨ ਕਰਨਗੇ। ਇਜ਼ਰਾਈਲ, ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਰਕਾਰਾਂ ਦੇ ਮੁਖੀ ਵੀ ਉਸੇ ਦਿਨ ਸੰਬੋਧਨ ਕਰਨ ਵਾਲੇ ਹਨ।
ਮੰਦਰ ਉਡਾਉਣ ਦੀ ਧਮਕੀ
ਪੁਰੀ : ਓਡੀਸ਼ਾ ਦੇ ਪੁਰੀ ਵਿੱਚ 12ਵੀਂ ਸਦੀ ਦੇ ਜਗਨਨਾਥ ਮੰਦਰ ਦੇ ਨੇੜੇ ਇੱਕ ਛੋਟੇ ਮੰਦਰ ਦੀ ਕੰਧ ’ਤੇ ਦੋ ਧਮਕੀ ਭਰੇ ਸੰਦੇਸ਼ ਲਿਖੇ ਮਿਲੇ ਹਨ। ਇਨ੍ਹਾਂ ਵਿੱਚ ‘ਅੱਤਵਾਦੀ ਜਗਨਨਾਥ ਮੰਦਰ ਨੂੰ ਢਾਹ ਦੇਣਗੇ’ ਦੀ ਧਮਕੀ ਦਿੱਤੀ ਗਈ ਹੈ, ਜਿਸ ਨਾਲ ਸ਼ਰਧਾਲੂਆਂ ਵਿੱਚ ਰੋਸ ਪੈਦਾ ਹੋ ਗਿਆ ਹੈ। ਉੜੀਆ ਭਾਸ਼ਾ ਵਿੱਚ ਲਿਖੀ ਧਮਕੀ ਬਾਲੀ ਸਾਹੀ ਸਥਿਤ ਮਾਂ ਬੁਧੀ ਠਾਕੁਰਾਨੀ ਦੇ ਮੰਦਰ ਦੀ ਕੰਧ ’ਤੇ ਮਿਲੀ ਹੈ।
ਸੁਸ਼ੀਲ ਦੀ ਜ਼ਮਾਨਤ ਰੱਦ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਕੌਮੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਮਾਮਲੇ ਵਿੱਚ ਉਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ 4 ਮਾਰਚ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਸੁਸ਼ੀਲ ਨੂੰ ਜ਼ਮਾਨਤ ਦਿੱਤੀ ਗਈ ਸੀ। ਪਹਿਲਵਾਨ ਨੂੰ ਇੱਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ। ਕੁਮਾਰ ਅਤੇ ਹੋਰਨਾਂ ’ਤੇ ਮਈ 2021 ਵਿੱਚ ਇੱਕ ਕਥਿਤ ਜਾਇਦਾਦ ਵਿਵਾਦ ਨੂੰ ਲੈ ਕੇ ਧਨਖੜ ’ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਹੈ। ਹਮਲੇ ਵਿੱਚ ਧਨਖੜ ਦੇ ਦੋ ਦੋਸਤ ਵੀ ਜ਼ਖਮੀ ਹੋ ਗਏ ਸਨ। ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਧਨਖੜ ਦੇ ਇੱਕ ਭਾਰੀ ਵਸਤੂ ਵੱਜਣ ਕਾਰਨ ਦਿਮਾਗੀ ਨੁਕਸਾਨ ਹੋਇਆ ਸੀ।




