ਰਈਆ : ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣ ਦੇ ਸਿੱਟੇ ਵਜੋਂ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਨਾਲ ਨੇੜਲੇ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਪਾਣੀ ਧੁੱਸੀ ਬੰਨ੍ਹ ਨੂੰ ਲੱਗ ਚੁੱਕਾ ਹੈ।
ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਬੁੱਧਵਾਰ ਬਾਅਦ ਦੁਪਹਿਰ ਤਿੰਨ ਵਜੇ ਤੱਕ 1,22,000 ਕਿਊਸਿਕ ਪਾਣੀ ਚੱਲ ਰਿਹਾ ਸੀ ਅਤੇ ਹੋਰ ਵਧਣ ਦੇ ਅਸਾਰ ਹਨ। ਮੰਗਲਵਾਰ ਸ਼ਾਮ 6 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ 1,05,000 ਕਿਊਸਿਕ ਸੀ ਜੋ ਕਿ ਖਤਰੇ ਦੇ ਨਿਸ਼ਾਨ ਉਪਰ ਹੈ, ਜਿਸ ਕਾਰਨ ਯੈਲੋ ਅਲਰਟ ਕੀਤਾ ਹੋਇਆ ਸੀ। ਪੱਧਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਲੱਗ ਚੁੱਕਾ ਹੈ ਅਤੇ ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ। ਨੀਵੇਂ ਖੇਤਰ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਐੱਸ ਡੀ ਐੱਮ ਬਾਬਾ ਬਕਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਤਹਿਸੀਲ ਬਾਬਾ ਬਕਾਲਾ ਦੇ ਇਲਾਕੇ ਵਿੱਚ ਉਨ੍ਹਾਂ ਵੱਲੋਂ ਟੀਮਾਂ ਲਾ ਦਿੱਤੀਆਂ ਗਈਆਂ ਹਨ ਅਤੇ ਨਾਇਬ ਤਹਿਸੀਲਦਾਰ ਬਿਆਸ ਦੀ ਅਗਵਾਈ ਹੇਠ ਟੀਮ ਵੱਲੋਂ ਮੰਡ ਖੇਤਰ ਵਿੱਚ ਲੋਕਾਂ ਤੇ ਪਸ਼ੂਆਂ ਨੂੰ ਉੱਚੀ ਜਗ੍ਹਾ ’ਤੇ ਲਿਆਂਦਾ ਗਿਆ ਹੈ। ਹੜ੍ਹ ਨਾਲ ਸੰਬੰਧਤ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਤਹਿਸੀਲ ਕੰਪਲੈਕਸ ਵਿਚ ਕੰਟਰੋਲ ਰੂਮ ਬਣਾਇਆ ਗਿਆ ਹੈ।




