ਸੁਪਰੀਮ ਕੋਰਟ ਨੇ ਵੋਟਾਂ ਗਿਣਾਈਆਂ ਤਾਂ ਹਾਰਿਆ ਜੇਤੂ ਨਿਕਲਿਆ

0
111

ਨਵੀਂ ਦਿੱਲੀ : ਇੱਕ ਅਨੋਖੀ ਕਾਰਵਾਈ ਵਿੱਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਬੁਆਨਾ ਲੱਖੂ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਨਾਲ ਸੰਬੰਧਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਅਤੇ ਹੋਰ ਰਿਕਾਰਡਾਂ ਨੂੰ ਤਲਬ ਕੀਤਾ ਅਤੇ ਵੋਟਾਂ ਦੀ ਮੁੜ ਗਿਣਤੀ ਕਰਵਾਈ, ਜਿਸ ਨਾਲ ਨਤੀਜੇ ਵਿੱਚ ਉਲਟਫੇਰ ਸਾਹਮਣੇ ਆਇਆ।
ਸੁਪਰੀਮ ਕੋਰਟ ਦੇ ਓ ਐੱਸ ਡੀ (ਰਜਿਸਟਰਾਰ) ਕਾਵੇਰੀ ਨੇ ਦੋਵਾਂ ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਗਿਣਤੀ ਕੀਤੀ ਅਤੇ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ। ਜਸਟਿਸ ਸੂਰੀਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਆਪਣੇ 11 ਅਗਸਤ ਦੇ ਹੁਕਮ ਵਿੱਚ ਕਿਹਾ, ‘ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਪਾਣੀਪਤ ਨੂੰ ਇਸ ਸੰਬੰਧ ਵਿੱਚ ਦੋ ਦਿਨਾਂ ਦੇ ਅੰਦਰ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜਿਸ ਵਿੱਚ ਅਪੀਲਕਰਤਾ (ਮੋਹਿਤ ਕੁਮਾਰ) ਨੂੰ ਉਪਰੋਕਤ ਗ੍ਰਾਮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਐਲਾਨਿਆ ਜਾਵੇ।’ ਬੈਂਚ, ਜਿਸ ਵਿੱਚ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਵੀ ਸ਼ਾਮਲ ਸਨ, ਨੇ ਹੁਕਮ ਦਿੱਤਾ ਕਿ ਮੋਹਿਤ ਕੁਮਾਰ ਸਰਪੰਚ ਦਾ ਅਹੁਦਾ ਤੁਰੰਤ ਸੰਭਾਲਣ ਅਤੇ ਆਪਣੇ ਫਰਜ਼ਾਂ ਦੀ ਪਾਲਣਾ ਕਰਨ ਦਾ ਹੱਕਦਾਰ ਹੋਵੇਗਾ। ਇਹ ਵਿਵਾਦ 2 ਨਵੰਬਰ, 2022 ਨੂੰ ਹੋਈ ਸਰਪੰਚ ਦੀ ਚੋਣ ਨਾਲ ਸੰਬੰਧਤ ਹੈ, ਜਿਸ ਵਿੱਚ ਕੁਲਦੀਪ ਸਿੰਘ ਨੂੰ ਮੋਹਿਤ ਕੁਮਾਰ ਦੇ ਮੁਕਾਬਲੇ ਜੇਤੂ ਐਲਾਨਿਆ ਗਿਆ ਸੀ। ਮੋਹਿਤ ਕੁਮਾਰ ਨੇ ਪਾਣੀਪਤ ਦੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਚੋਣ ਟਿ੍ਰਬਿਊਨਲ ਅੱਗੇ ਨਤੀਜੇ ਨੂੰ ਚੁਣੌਤੀ ਦਿੰਦੇ ਹੋਏ ਇੱਕ ਚੋਣ ਪਟੀਸ਼ਨ ਦਾਇਰ ਕੀਤੀ, ਜਿਸ ਨੇ 22 ਅਪ੍ਰੈਲ 2025 ਨੂੰ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ 7 ਮਈ, 2025 ਨੂੰ ਬੂਥ ਨੰਬਰ 69 ਦੀਆਂ ਵੋਟਾਂ ਦੀ ਮੁੜ ਗਿਣਤੀ ਦਾ ਹੁਕਮ ਦਿੱਤਾ।
ਹਾਲਾਂਕਿ ਚੋਣ ਟਿ੍ਰਬਿਊਨਲ ਦੇ ਇਸ ਹੁਕਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਜੁਲਾਈ 2025 ਨੂੰ ਰੱਦ ਕਰ ਦਿੱਤਾ ਸੀ। ਹਾਈ ਕੋਰਟ ਦੇ ਹੁਕਮ ਤੋਂ ਨਿਰਾਸ਼ ਹੋ ਕੇ ਮੋਹਿਤ ਕੁਮਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਜਿਸ ਤੋਂ ਬਾਅਦ 31 ਜੁਲਾਈ ਨੂੰ ਸੁਪਰੀਮ ਕੋਰਟ ਨੇ ਈ ਵੀ ਐੱਮ ਅਤੇ ਹੋਰ ਰਿਕਾਰਡ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸੁਪਰੀਮ ਕੋਰਟ ਦੇ ਇੱਕ ਰਜਿਸਟਰਾਰ ਵੱਲੋਂ ਸਿਰਫ ਇੱਕ ਬੂਥ ਦੀ ਬਜਾਏ ਸਾਰੇ ਬੂਥਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਦਾ ਹੁਕਮ ਦਿੱਤਾ ਗਿਆ। 6 ਅਗਸਤ 2025 ਨੂੰ ਓ ਐੱਸ ਡੀ (ਰਜਿਸਟਰਾਰ) ਕਾਵੇਰੀ ਨੇ ਸਾਰੇ ਬੂਥਾਂ (65 ਤੋਂ 70) ਦੀਆਂ ਵੋਟਾਂ ਦੀ ਮੁੜ ਗਿਣਤੀ ਕੀਤੀ ਅਤੇ ਇੱਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕੁੱਲ 3767 ਵੋਟਾਂ ਵਿੱਚੋਂ ਪਟੀਸ਼ਨਰ ਮੋਹਿਤ ਕੁਮਾਰ ਨੂੰ 1051 ਵੋਟਾਂ ਮਿਲੀਆਂ, ਜਦੋਂ ਕਿ ਉਸ ਦੇ ਨਜ਼ਦੀਕੀ ਵਿਰੋਧੀ ਕੁਲਦੀਪ ਸਿੰਘ ਨੂੰ 1,000 ਵੋਟਾਂ ਮਿਲੀਆਂ।
ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ, ‘ਇਸ ਅਦਾਲਤ ਦੇ ਓ ਐੱਸ ਡੀ (ਰਜਿਸਟਰਾਰ) ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਸ਼ੱਕ ਕਰਨ ਦਾ ਕੋਈ ਮੁਢਲਾ ਕਾਰਨ ਨਹੀਂ ਹੈ, ਖਾਸ ਕਰਕੇ ਜਦੋਂ ਪੂਰੀ ਮੁੜ ਗਿਣਤੀ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਗਈ ਹੈ। ਇਸ ਦੇ ਨਤੀਜਿਆਂ ’ਤੇ ਪਾਰਟੀਆਂ ਦੇ ਨੁਮਾਇੰਦਿਆਂ ਦੁਆਰਾ ਦਸਤਖਤ ਕੀਤੇ ਗਏ ਹਨ ਕਿ ਅਸੀਂ ਸੰਤੁਸ਼ਟ ਹਾਂ ਕਿ ਅਪੀਲਕਰਤਾ (ਮੋਹਿਤ ਕੁਮਾਰ) 22.11.2022 ਨੂੰ ਹੋਈ ਚੋਣ ਵਿੱਚ ਗ੍ਰਾਮ ਪੰਚਾਇਤ ਬੁਆਨਾ ਲੱਖੂ ਜ਼ਿਲ੍ਹਾ ਪਾਣੀਪਤ ਹਰਿਆਣਾ ਦੇ ਚੁਣੇ ਹੋਏ ਸਰਪੰਚ ਵਜੋਂ ਐਲਾਨੇ ਜਾਣ ਦਾ ਹੱਕਦਾਰ ਹੈ।’ ਹਾਲਾਂਕਿ, ਬੈਂਚ ਨੇ ਇਹ ਸਪੱਸ਼ਟ ਕੀਤਾ ਕਿ ਪਾਰਟੀਆਂ ਅਜੇ ਵੀ ਕਿਸੇ ਵੀ ਬਾਕੀ ਮੁੱਦੇ ਨੂੰ ਚੋਣ ਟਿ੍ਰਬਿਊਨਲ ਅੱਗੇ ਉਠਾ ਸਕਦੀਆਂ ਹਨ।