ਫੌਜੀ ਨਾਇਕਾਵਾਂ ਦੇ ਕੇ ਬੀ ਸੀ ’ਚ ਆਉਣ ’ਤੇ ਵਿਵਾਦ

0
116

ਨਵੀਂ ਦਿੱਲੀ : ਕੌਨ ਬਨੇਗਾ ਕਰੋੜਪਤੀ (ਕੇ ਬੀ ਸੀ) ਦੇ ਸੀਜ਼ਨ-17 ਵਿੱਚ ਅਮਿਤਾਭ ਬਚਨ ਆਜ਼ਾਦੀ ਦਿਨ ’ਤੇ ਉਨ੍ਹਾਂ ਮਹਿਲਾ ਅਫਸਰਾਂ ਨਾਲ ਗੱਲਬਾਤ ਕਰਨਗੇ, ਜਿਨ੍ਹਾਂ ਪਾਕਿਸਤਾਨ ਖਿਲਾਫ ਅਪ੍ਰੇਸ਼ਨ ਸਿੰਧੂਰ ਬਾਰੇ ਜਾਣਕਾਰੀਆਂ ਦਿੱਤੀਆਂ ਸਨ। ਚੈਨਲ ਵੱਲੋਂ ਦਿਖਾਏ ਜਾ ਰਹੇ ਪ੍ਰੋਮੋ ਵਿੱਚ ਅਮਿਤਾਭ ਬਚਨ ਕਰਨਲ ਸੋਫੀਆ ਕੁਰੈਸ਼ੀ (ਥਲ ਸੈਨਾ), ਵਿੰਗ ਕਮਾਂਡਰ ਵਿਯੋਮਿਕਾ ਸਿੰਘ (ਹਵਾਈ ਸੈਨਾ) ਤੇ ਕਮਾਂਡਰ ਪ੍ਰੇਰਣਾ ਦਿਓਸਥਾਲੀ (ਜਲ ਸੈਨਾ) ਦਾ ਸਵਾਗਤ ਕਰਦੇ ਨਜ਼ਰ ਆਉਦੇ ਹਨ।
ਹੋ ਸਕਦਾ ਹੈ ਕਿ ਇਨ੍ਹਾਂ ਅਫਸਰਾਂ ਨੇ ਸ਼ੋਅ ਵਿੱਚ ਆਉਣ ਲਈ ਸੰਬੰਧਤ ਵਿਭਾਗ ਤੋਂ ਕਲੀਅਰੈਂਸ ਲਈ ਹੋਵੇ, ਪਰ ਕਈ ਲੋਕ ਕਹਿ ਰਹੇ ਹਨ ਕਿ ਇਹ ਮੋਦੀ ਸਰਕਾਰ ਦਾ ਪੀ ਆਰ ਸਟੰਟ ਅਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੈ। ਜਦੋਂ ਅਪ੍ਰੇਸ਼ਨ ਸਿੰਧੂਰ ਚੱਲ ਰਿਹਾ ਸੀ ਕਰਨਲ ਸੋਫੀਆ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਸੀ। ਇੱਕ ਵਿਅਕਤੀ ਨੇ ਐੱਕਸ ’ਤੇ ਪੋਸਟ ਕੀਤਾ ਕਿ ਅਪ੍ਰੇਸ਼ਨ ਸਿੰਧੂਰ ਦੀਆਂ ਨਾਇਕਾਵਾਂ ਕੇ ਬੀ ਸੀ ’ਤੇ ਸਿਰਫ ਇਸ ਕਰਕੇ ਆ ਰਹੀਆਂ ਹਨ ਕਿ ਇੱਕ ‘ਰਾਸ਼ਟਰਵਾਦੀ’ ਪਾਰਟੀ ਕੁਝ ਵੋਟਾਂ ਬਟੋਰਨੀਆਂ ਚਾਹੁੰਦੀ ਹੈ। ਇੱਕ ਹੋਰ ਨੇ ਪੋਸਟ ਕੀਤਾ ਹੈ ਕਿ ਕੀ ਤੁਸੀਂ ਕਿਸੇ ਸੰਜੀਦਾ ਦੇਸ਼ ਵਿੱਚ ਕਿਸੇ ਮਿਲਟਰੀ ਅਪ੍ਰੇਸ਼ਨ ਤੋਂ ਬਾਅਦ ਅਜਿਹਾ ਹੁੰਦਾ ਦੇਖਿਆ ਹੈ? ਕਿਸੇ ਫੌਜੀ ਅਫਸਰ ਨੂੰ ਇਸ ਦੀ ਆਗਿਆ ਕਿਵੇਂ ਦੇ ਦਿੱਤੀ ਗਈ? ਵਰਤਮਾਨ ਹਕੂਮਤ ਆਪਣੀ ਸੌੜੀ ਸਿਆਸਤ ਤੇ ਅੱਤ-ਰਾਸ਼ਟਰਵਾਦ ਲਈ ਸਾਡੀਆਂ ਸੈਨਾਵਾਂ ਨੂੰ ਬੇਸ਼ਰਮੀ ਨਾਲ ਵਰਤ ਰਹੀ ਹੈ।
ਇੱਕ ਪੋਸਟ ਵਿੱਚ ਇਹ ਕਿਹਾ ਗਿਆ ਹੈ ਕਿ ਸਾਡੀਆਂ ਸੈਨਾਵਾਂ ਸਿਆਸਤ ਤੋਂ ਉੱਪਰ ਤੇ ਪੀ ਆਰ ਤੋਂ ਪਰ੍ਹੇ ਹਨ, ਪਰ ਮੋਦੀ ਸਰਕਾਰ ਆਪਣਾ ਅਕਸ ਚਮਕਾਉਣ ਲਈ ਜਵਾਨਾਂ ਦੀ ਕੇ ਬੀ ਸੀ ਵਰਗੇ ਸ਼ੋਅ ਵਿੱਚ ਪਰੇਡ ਕਰਵਾ ਰਹੀ ਹੈ। ਮੋਦੀ ਦੀ ਮਸ਼ਹੂਰੀ ਲਈ ਸੈਨਾ ਨੂੰ ਵੀ ਸਿਆਸੀ ਸੰਦ ਬਣਾ ਦਿੱਤਾ ਗਿਆ ਹੈ। ਸੈਨਾਵਾਂ ਦੇਸ਼ ਦੀ ਰਾਖੀ ਕਰਨ ਲਈ ਹਨ, ਕਿਸੇ ਸਿਆਸਤਦਾਨ ਦੇ ਬਰੈਂਡ ਦੀ ਨਹੀਂ।
ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ ਹੈ ਕਿ ਕੀ ਹਥਿਆਰਬੰਦ ਸੈਨਾਵਾਂ ਦਾ ਪ੍ਰੋਟੋਕੋਲ ਅਫਸਰਾਂ ਨੂੰ ਕੇ ਬੀ ਸੀ ਵਰਗੇ ਰਿਐਲਟੀ ਸ਼ੋਅ ਵਿੱਚ ਜਾਣ ਦੀ ਆਗਿਆ ਦਿੰਦਾ ਹੈ। ਭਾਰਤੀ ਸੈਨਾਵਾਂ ਦਾ ਇੱਕ ਪ੍ਰੋਟੋਕੋਲ ਹੈ, ਕੁਝ ਗੈਰਤ ਹੈ ਤੇ ਕਾਫੀ ਸਤਿਕਾਰ ਹੈ। ਸਿਆਸਤਦਾਨ ਆਪਣੇ ਨਿੱਜੀ ਲਾਭ ਲਈ ਇਸ ਨੂੰ ਬਰਬਾਦ ਕਰ ਰਹੇ ਹਨ। ਸ਼ਰਮ ਦੀ ਗੱਲ ਹੈ।
ਸ਼ਿਵ ਸੈਨਾ (ਯੂ ਬੀ ਟੀ) ਦੀ ਸਾਂਸਦ ਪਿ੍ਰਅੰਕਾ ਚਤੁਰਵੇਦੀ ਨੇ ਕਿਹਾ, ‘ਅਪ੍ਰੇਸ਼ਨ ਸਿੰਧੂਰ ਦਾ ਚਿਹਰਾ ਬਣੀਆਂ ਸਾਡੀਆਂ ਨਾਇਕਾਵਾਂ ਨੂੰ ਇੱਕ ਪ੍ਰਾਈਵੇਟ ਇੰਟਰਟੇਨਮੈਂਟ ਚੈਨਲ ਨੇ ਆਪਣੇ ਸ਼ੋਅ ਵਿੱਚ ਸੱਦਿਆ ਹੈ। ਇਸ ਚੈਨਲ ਦੀ ਮਾਲਕ ਕੰਪਨੀ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਨੇ ਏਸ਼ੀਆ ਕੱਪ ਦੇ 2031 ਤੱਕ ਲਈ ਬ੍ਰਾਡਕਾਸਟਿੰਗ ਰਾਈਟਸ ਵੀ ਹਾਸਲ ਕੀਤੇ ਹਨ। ਇਹ ਚੈਨਲ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚਾਂ ਤੋਂ ਨੋਟ ਕਮਾਉਂਦਾ ਹੈ।
ਨਿਯਮਾਂ ਮੁਤਾਬਕ ਰੈਸਟੋਰੈਂਟਾਂ, ਹੋਟਲਾਂ ਜਾਂ ਸ਼ਾਪਿੰਗ ਵੇਲੇ ਫੌਜੀ ਵਰਦੀ ਵਿੱਚ ਜਾਣੋ ਵਰਜਿਆ ਜਾਂਦਾ ਹੈ। ਫੌਜੀ ਅਫਸਰ ਆਫੀਸਰਜ਼ ਮੈੱਸ ਵਿੱਚ ਹੁੰਦੇ ਆਫੀਸ਼ਿਅਲ ਸਮਾਜੀ ਫੰਕਸ਼ਨਾਂ ਵਿੱਚ ਵਰਦੀ ਪਾ ਕੇ ਸ਼ਾਮਲ ਹੋ ਸਕਦੇ ਹਨ, ਪਰ ਟੋਪੀ ਨਹੀਂ ਪਾ ਸਕਦੇ। ਆਫੀਸਰਜ਼ ਮੈੱਸ ਵਿੱਚ ਡਾਂਸ ਆਦਿ ਦੌਰਾਨ ਵੀ ਵਰਦੀ ਪਾਈ ਜਾ ਸਕਦੀ ਹੈ।