10.4 C
Jalandhar
Monday, December 23, 2024
spot_img

ਇਹ ਕਿਹੋ ਜਿਹਾ ਅੰਮਿ੍ਰਤ ਕਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਿਹਾ ਸੀ ਕਿ ਅੱਜ ਸਾਡਾ ਦੇਸ਼ ਅੰਮਿ੍ਰਤ ਕਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਹ ਅੰਮਿ੍ਰਤ ਕਾਲ ਕਿਹੋ ਜਿਹਾ ਹੈ, ਇਸ ਦੀਆਂ ਕੁਝ ਵੰਨਗੀਆਂ ਪੇਸ਼ ਕਰ ਰਹੇ ਹਾਂ:
ਪਹਿਲੀ ਵੰਨਗੀ ਤੇਲੰਗਾਨਾ ਦੀ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਜ ਦਾ ਦੌਰਾ ਕਰ ਰਹੀ ਸੀ। ਉਹ ਇੱਕ ਸਰਕਾਰੀ ਰਾਸ਼ਨ ਡਿਪੂ ’ਤੇ ਗਈ ਤੇ ਉੱਥੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਨਾ ਹੋਣ ਕਾਰਨ ਭੜਕ ਉੱਠੀ। ਉਸ ਨੇ ਮੌਕੇ ਉੱਤੇ ਹੀ ਜ਼ਿਲ੍ਹੇ ਦੇ ਡੀ ਸੀ ਦੀ ਝਾੜ-ਝੰਬ ਕਰਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੀ ਤੁਹਾਨੂੰ ਪਤਾ ਹੈ ਕਿ ਇਸ ਰਾਸ਼ਨ ਲਈ ਕੇਂਦਰ ਸਰਕਾਰ ਕਿੰਨਾ ਪੈਸਾ ਦਿੰਦੀ ਹੈ। ਕੀ ਕਿਸੇ ਨੇ ਕਦੇ ਸੋਚਿਆ ਵੀ ਸੀ ਕਿ ਕੇਂਦਰੀ ਵਿਤ ਮੰਤਰੀ ਜ਼ਿਲ੍ਹੇ ਦੇ ਡੀ ਸੀ ਨੂੰ ਇਸ ਲਈ ਫਿਟਕਾਰਾਂ ਪਾਵੇਗੀ ਕਿ ਰਾਸ਼ਨ ਡਿਪੂ ’ਤੇ ਪ੍ਰਧਾਨ ਮੰਤਰੀ ਦੀ ਫੋਟੋ ਨਹੀਂ ਲੱਗੀ ਹੋਈ। ਇਹ ਕਿਹੜਾ ਕਾਨੂੰਨ ਹੈ, ਜਿਸ ਅਧੀਨ ਰਾਸ਼ਨ ਡਿਪੂ ’ਤੇ ਪ੍ਰਧਾਨ ਮੰਤਰੀ ਦੀ ਫੋਟੋ ਲਾਉਣੀ ਜ਼ਰੂਰੀ ਹੈ। ਸਰਕਾਰੀ ਵੰਡ ਪ੍ਰਣਾਲੀ ਰਾਹੀਂ ਦਿੱਤੇ ਜਾਂਦੇ ਰਾਸ਼ਨ ਦਾ ਪੈਸਾ ਪ੍ਰਧਾਨ ਮੰਤਰੀ ਦੀ ਜੇਬ ਵਿੱਚੋਂ ਨਹੀਂ ਆਉਂਦਾ, ਉਹ ਲੋਕਾਂ ਪਾਸੋਂ ਟੈਕਸਾਂ ਰਾਹੀਂ ਇਕੱਠਾ ਕੀਤਾ ਜਨਤਕ ਧਨ ਹੁੰਦਾ ਹੈ। ਇਸ ਝਗੜੇ ਦਾ ਅਗਲਾ ਸੀਨ ਵੀ ਦੇਖ ਲਓ। ਤੇਲੰਗਾਨਾ ਵਿੱਚ ਟੀ ਆਰ ਐੱਸ (ਤੇਲੰਗਾਨਾ ਰਾਸ਼ਟਰ ਸਮਿਤੀ) ਦੀ ਸਰਕਾਰ ਹੈ। ਵਿੱਤ ਮੰਤਰੀ ਦੇ ਡੀ ਸੀ ਨੂੰ ਝਾੜ ਪਾਉਣ ਦੇ ਜਵਾਬ ਵਿੱਚ ਟੀ ਆਰ ਐੱਸ ਦੇ ਵਰਕਰਾਂ ਨੇ ਗੈਸ ਸਿਲੰਡਰਾਂ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਨਾਲ ਸਿਲੰਡਰ ਦੀ ਕੀਮਤ 1105 ਵਾਲੇ ਪੋਸਟਰ ਲਾ ਕੇ ਵੀਡੀਓ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਇਹ ਦੀ ਟਵੀਟ ਕੀਤਾ ਕਿ ਨਿਰਮਲਾ ਜੀ, ਤੁਸੀਂ ਪ੍ਰਧਾਨ ਮੰਤਰੀ ਦੀ ਫੋਟੋ ਚਾਹੁੰਦੇ ਸੀ, ਆਹ ਲਓ।
ਇਸ ਤੋਂ ਅਗਲੀ ਵੰਨਗੀ ਝਾਰਖੰਡ ਦੀ ਹੈ, ਜਿਹੜੀ ਹੋਰ ਵੀ ਅਜੀਬ ਹੈ। ਝਾਰਖੰਡ ਦੇ ਦੇਵਘਰ ਦਾ ਹਵਾਈ ਅੱਡਾ ਹੁਣੇ-ਹੁਣੇ ਬਣਿਆ ਹੈ ਤੇ ਉਥੋਂ ਸੂਰਜ ਛਿਪਣ ਪਿਛੋਂ ਉਡਾਨ ਭਰਨ ਦੀ ਮਨਾਹੀ ਹੈ। ਭਾਜਪਾ ਦੇ ਦੋ ਸਾਂਸਦ ਨਿਸ਼ੀਕਾਂਤ ਦੂਬੇ ਤੇ ਮਨੋਜ ਤਿਵਾੜੀ ਸਮੇਤ 9 ਵਿਅਕਤੀਆਂ ਵਿਰੁੱਧ ਦੋਸ਼ ਹੈ ਕਿ ਉਹ ਦੇਵਘਰ ਦੇ ਟ੍ਰੈਫਿਕ ਕੰਟਰੋਲ ਦਫ਼ਤਰ ਵਿੱਚ ਜਬਰੀ ਵੜੇ ਤੇ ਸੂਰਜ ਛਿਪਣ ਤੋਂ ਬਾਅਦ ਜਬਰੀ ਕਲੀਅਰੈਂਸ ਲੈ ਕੇ ਆਪਣੇ ਚਾਰਟਰ ਪਲੇਨ ਰਾਹੀਂ ਉਡਾਨ ਭਰ ਲਈ। ਇਸ ਉੱਤੇ ਏਅਰਪੋਰਟ ਦੇ ਸਕਿਉਰਿਟੀ ਇੰਚਾਰਜ ਡੀ ਐੱਸ ਪੀ ਸੁਮਨ ਆਨੰਦ ਨੇ ਉਨ੍ਹਾਂ ਵਿਰੁੱਧ ਐੱਫ਼ ਆਈ ਆਰ ਦਰਜ ਕਰਾ ਦਿੱਤੀ। ਜਦੋਂ ਇਨ੍ਹਾਂ ਸਾਂਸਦਾਂ ਨੂੰ ਆਪਣੇ ਵਿਰੁੱਧ ਹੋਈ ਐੱਫ਼ ਆਈ ਆਰ ਦਾ ਪਤਾ ਲੱਗਾ ਤਾਂ ਉਨ੍ਹਾਂ ਦਿੱਲੀ ਪਹੰੁਚ ਕੇ ਦੇਵਘਰ ਦੇ ਡੀ ਸੀ ਮੰਜੂ ਨਾਥ ਤੇ ਕੁਝ ਪੁਲਸ ਵਾਲਿਆਂ ਵਿਰੁੱਧ ਉੱਥੇ ਐੱਫ਼ ਆਈ ਆਰ ਦਰਜ ਕਰਾ ਦਿੱਤੀ। ਇਸ ਐਫ਼ ਆਈ ਆਰ ਵਿੱਚ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਨਾਲ-ਨਾਲ ਰਾਜਧ੍ਰੋਹ ਦਾ ਵੀ ਦੋਸ਼ ਲਾਇਆ ਗਿਆ ਹੈ। ਇਹ ਸਮਝੋਂ ਬਾਹਰੀ ਗੱਲ ਹੈ ਕਿ ਨੇਤਾ ਜੀ ਨੂੰ ਉਸ ਦੀ ਸੁਰੱਖਿਆ ਲਈ ਰੋਕਣਾ-ਟੋਕਣਾ ਦੇਸ਼ਧ੍ਰੋਹ ਕਿਵੇਂ ਹੋ ਗਿਆ। ਯਾਦ ਰਹੇ ਕਿ ਪਿਛਲੇ ਮਈ ਮਹੀਨੇ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿਹਾ ਸੀ ਕਿ ਜਦੋਂ ਤੱਕ ਅਦਾਲਤ ਵਿੱਚ ਰਾਜਧ੍ਰੋਹ ਕਾਨੂੰਨ ਉੱਤੇ ਵਿਚਾਰ ਜਾਰੀ ਹੈ, ਉਦੋਂ ਤੱਕ ਉਹ ਇਸ ਧਾਰਾ ਅਧੀਨ ਕੇਸ ਦਰਜ ਨਾ ਕਰਨ। ਸਾਡੇ ਦੇਸ਼ ਦੇ ਆਗੂ ਆਪਣੀ ਸਿਆਸੀ ਸਹੂਲਤ ਲਈ ਹਮੇਸ਼ਾ ਅਫ਼ਸਰਸ਼ਾਹੀ ਨੂੰ ਵਰਤਦੇ ਰਹੇ ਹਨ, ਪਰ ਉਪਰਲੀਆਂ ਦੋਵਾਂ ਘਟਨਾਵਾਂ ਤੋਂ ਲੱਗਦਾ ਹੈ ਕਿ ਮੋਦੀ ਰਾਜ ਦੌਰਾਨ ਬਚੀਆਂ-ਖੁਚੀਆਂ ਹੱਦਾਂ ਵੀ ਟੁੱਟ ਰਹੀਆਂ ਹਨ।
ਅੰਮਿ੍ਰਤ ਕਾਲ ਦੀ ਅਗਲੀ ਘਟਨਾ ਆਪਣੇ ਰਾਜ ਦੇ ਅੱਠ ਸਾਲਾਂ ਦੌਰਾਨ ਭਾਜਪਾ ਵੱਲੋਂ ਕੀਤੀ ਗਈ ਨਫ਼ਰਤ ਦੀ ‘ਅੰਮਿ੍ਰਤ ਵਰਖਾ’ ਨਾਲ ਸੰਬੰਧਤ ਹੈ, ਜਿਸ ਨੇ ਹਿੰਦੂਤਵੀ ਮਾਨਸਿਕਤਾ ਨੂੰ ਸਰਸ਼ਾਰ ਕੀਤਾ ਹੋਇਆ ਹੈ। ਏਸ਼ੀਆ ਕੱਪ ਦੌਰਾਨ ਹਿੰਦੋਸਤਾਨ-ਪਾਕਿਸਤਾਨ ਦਾ ਮੈਚ ਹੋ ਰਿਹਾ ਸੀ। ਪੰਜਾਬੀ ਮੁੰਡੇ ਅਰਸ਼ਦੀਪ ਤੋਂ 18ਵੇਂ ਓਵਰ ਦੀ ਤੀਜੀ ਗੇਂਦ ’ਤੇ ਪਾਕਿਸਤਾਨੀ ਖਿਡਾਰੀ ਆਸਿਫ਼ ਅਲੀ ਦਾ ਕੈਚ ਛੁੱਟ ਗਿਆ। ਕੈਚ ਛੁੱਟਣ ਤੋਂ ਬਾਅਦ ਆਸਿਫ਼ ਅਲੀ ਨੇ 8 ਗੇਂਦਾਂ ਵਿੱਚ 16 ਰਨ ਬਣਾ ਲਏ ਤੇ ਆਖਰ ਪਾਕਿਸਤਾਨ ਨੇ ਮੈਚ ਜਿੱਤ ਲਿਆ। ਅੰਧ-ਰਾਸ਼ਟਰਵਾਦ ਦੀਆਂ ਭਾਵਨਾਵਾਂ ਏਨੀਆਂ ਭੜਕੀਆਂ ਕਿ ਕੈਚ ਛੁਟਦਿਆਂ ਹੀ ਹਿੰਦੂਤਵੀ ਅੰਧ ਭਗਤਾਂ ਦੇ ਦਿਮਾਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਕਿਸੇ ਨਫ਼ਰਤੀ ਨੇ ਵਿਕੀਪੀਡੀਆ ਖੋਲ੍ਹ ਕੇ ਉਸ ਵਿੱਚ ਅਰਸ਼ਦੀਪ ਨੂੰ ਖਾਲਿਸਤਾਨੀ ਲਿਖ ਦਿੱਤਾ। ਇਸ ਦੇ ਨਾਲ ਹੀ ਭਾਜਪਾ ਦੀ ਸੋਸ਼ਲ ਮੀਡੀਆ ਆਰਮੀ ਨੇ ਅਰਸ਼ਦੀਪ ਨੂੰ ਗ਼ੱਦਾਰ, ਦੇਸ਼ਧ੍ਰੋਹੀ, ਪਾਕਿਸਤਾਨੀ ਏਜੰਟ ਕਹਿ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹਰਭਜਨ ਸਿੰਘ ਨੇ ਜੇਕਰ 2011 ਦਾ ਵਿਸ਼ਵ ਕੱਪ ਜਿਤਾਉਣ ਵਿੱਚ ਮਦਦ ਕੀਤੀ ਸੀ ਤਾਂ ਉਹ ਭਾਰਤੀ ਸੀ ਤੇ ਅਰਸ਼ਦੀਪ ਤੋਂ ਜੇਕਰ ਇੱਕ ਕੈਚ ਛੁੱਟ ਗਿਆ ਤਾਂ ਉਹ ਖਾਲਿਸਤਾਨੀ ਹੋ ਗਿਆ। ਨਾਲੇ ਇਨ੍ਹਾਂ ਨਫ਼ਰਤਬਾਜ਼ਾਂ ਨੂੰ ਇਹ ਕਿਵੇਂ ਪਤਾ ਲੱਗ ਗਿਆ ਕਿ ਜੇਕਰ ਅਰਸ਼ਦੀਪ ਤੋਂ ਕੈਚ ਨਾ ਛੁੱਟਦਾ ਤਾਂ ਪਾਕਿਸਤਾਨ ਨੇ ਹਾਰ ਜਾਣਾ ਸੀ। ਆਸਿਫ਼ ਅਲੀ ਪਾਕਿਸਤਾਨ ਦਾ ਕੋਈ ਆਖਰੀ ਖਿਡਾਰੀ ਨਹੀਂ ਸੀ। ਪਾਕਿਸਤਾਨ ਨੇ ਮੈਚ 5 ਵਿਕਟਾਂ ਨਾਲ ਜਿੱਤਿਆ।
ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਸਮੇਤ ਵਿਰਾਟ ਕੋਹਲੀ ਤੇ ਹਰਭਜਨ ਸਿੰਘ ਵਰਗੇ �ਿਕਟ ਖਿਡਾਰੀਆਂ ਨੇ ਅਰਸ਼ਦੀਪ ਦੇ ਹੱਕ ਵਿੱਚ ਅਵਾਜ਼ ਉਠਾਈ ਹੈ। ਹਰਭਜਨ ਸਿੰਘ ਨੇ ਕਿਹਾ ਹੈ, ‘‘ਨੌਜਵਾਨ ਅਰਸ਼ਦੀਪ ਦੀ ਅਲੋਚਨਾ ਕਰਨੀ ਬੰਦ ਕਰੋ, ਸਾਨੂੰ ਉਸ ’ਤੇ ਮਾਣ ਹੈ। ਸਾਨੂੰ ਅਜਿਹੇ ਲੋਕਾਂ ’ਤੇ ਸ਼ਰਮ ਆਉਂਦੀ ਹੈ, ਜੋ ਸਸਤੀਆਂ ਗੱਲਾਂ ਕਰਕੇ ਸਾਡੇ ਹੀ ਖਿਡਾਰੀਆਂ ਨੂੰ ਨੀਵਾਂ ਦਿਖਾਉਂਦੇ ਹਨ ਅਤੇ ਟੀਮ ਨੂੰ ਹਰਾਉਂਦੇ ਹਨ। ਅਰਸ਼ ਸੋਨਾ ਹੈ।’’
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles