ਮੋਦੀ ਦੇ ਚੀਨ ਦੌਰੇ ਦੀ ਪੁਸ਼ਟੀ

0
108

ਨਵੀਂ ਦਿੱਲੀ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੰਗਲਵਾਰ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਜਥੇਬੰਦੀ (ਐੱਸ ਸੀ ਓ) ਦੇ 31 ਅਗਸਤ ਤੇ ਪਹਿਲੀ ਸਤੰਬਰ ਨੂੰ ਤਿਆਨਜਿਨ ਵਿੱਚ ਹੋ ਰਹੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਚੀਨ ਜਾਣਗੇ। ਇਹ ਐਲਾਨ ਕਰਦਿਆਂ ਡੋਵਾਲ ਨੇ ਕਿਹਾ ਕਿ ਮੋਦੀ ਦੇ ਪਿਛਲੇ ਚੀਨ ਦੌਰੇ ਤੋਂ ਬਾਅਦ ਭਾਰਤ-ਚੀਨ ਸੰਬੰਧਾਂ ਵਿੱਚ ਸੁਧਾਰ ਹੋ ਰਿਹਾ ਹੈ। ਡੋਵਾਲ ਨੇ ਇੱਥੇ ਭਾਰਤ-ਚੀਨ ਸਰਹੱਦੀ ਮਸਲਿਆਂ ਨੂੰ ਹੱਲ ਕਰਨ ਲਈ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਉਨ੍ਹਾ ਕਿਹਾ ਕਿ ਹਾਲੀਆ ਮਹੀਨਿਆਂ ਤੋਂ ਸਰਹੱਦ ’ਤੇ ਅਮਨ-ਅਮਾਨ ਹੈ। ਦੋਹਾਂ ਦੇਸ਼ਾਂ ਵਿਚਾਲੇ ਦੁੱਵਲੀ ਗੱਲਬਾਤ ਨਾਲ ਚੋਖੀ ਪ੍ਰਗਤੀ ਹੋਈ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਹਾਲੀਆ ਸਾਲਾਂ ’ਚ ਟਕਰਾਅ ਇਨ੍ਹਾਂ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਸਨ। ਉਨ੍ਹਾ ਕਿਹਾ ਕਿ ਪਿਛਲੇ ਸਾਲ ਅਕਤੂਬਰ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕਜ਼ਾਨ ਵਿੱਚ ਹੋਈ ਮੀਟਿੰਗ ਨੇ ਦੁਵੱਲੇ ਰਿਸ਼ਤਿਆਂ ਵਿੱਚ ਸੁਧਾਰ ਨੂੰ ਨਵੀਂ ਦਿਸ਼ਾ ਅਤੇ ਸਰਹੱਦੀ ਮਸਲਿਆਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਤਾਕਤ ਦਿੱਤੀ ਹੈ। ਉਨ੍ਹਾ ਕਿ ਸਰਹੱਦਾਂ ’ਤੇ ਸਥਿਰਤਾ ਹੈ ਤੇ ਉਹ ਮਸਲਿਆਂ ਦੇ ਹੱਲ ਵੱਲ ਵਧ ਰਹੇ ਹਨ।