ਜਸਟਿਸ ਸੁਦਰਸ਼ਨ ਰੈੱਡੀ ‘ਇੰਡੀਆ’ ਦੇ ਉਮੀਦਵਾਰ

0
102

ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਨੇ ਮੰਗਲਵਾਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈਡੀ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ। ਜਸਟਿਸ ਰੈਡੀ ਇਸ ਅਹਿਮ ਸੰਵਿਧਾਨਕ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀ ਚੋਣ ’ਚ ਹਾਕਮ ਗੱਠਜੋੜ ਐੱਨ ਡੀ ਏ ਦੇ ਉਮੀਦਵਾਰ ਤੇ ਮਹਾਰਾਸ਼ਟਰ ਦੇ ਰਾਜਪਾਲ ਸੀ ਪੀ ਰਾਧਾਕਿ੍ਰਸ਼ਨਨ ਨੂੰ ਟੱਕਰ ਦੇਣਗੇ।
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਰੈਡੀ ਦੇ ਨਾਂਅ ਨੂੰ ਮੰਗਲਵਾਰ ਸਵੇਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਅੰਤਮ ਰੂਪ ਦਿੱਤਾ ਗਿਆ।
ਖੜਗੇ ਨੇ ਰੈਡੀ ਦੇ ਨਾਂਅ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸੰਵਿਧਾਨਕ ਕਦਰਾਂ-ਕੀਮਤਾਂ ਲਈ ਖੜ੍ਹੇ ਰਹੇ ਹਨ। ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਬੁੱਧਵਾਰ ਨੂੰ ਬਾਅਦ ਦੁਪਹਿਰ 1 ਵਜੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਮਿਲਣਗੇ ਤਾਂ ਜੋ ਨਾਮਜ਼ਦ ਉਮੀਦਵਾਰ ਨੂੰ ਰਸਮੀ ਤੌਰ ’ਤੇ ਪੇਸ਼ ਕੀਤਾ ਜਾ ਸਕੇ।
ਟੀ ਐੱਮ ਸੀ ਨੇਤਾ ਡੇਰੇਕ ਓ’ਬ੍ਰਾਇਨ ਨੇ ਪੁਸ਼ਟੀ ਕੀਤੀ ਕਿ ਆਮ ਆਦਮੀ ਪਾਰਟੀ ਵੀ ਇਸ ਫੈਸਲੇ ਨਾਲ ਸਹਿਮਤ ਹੈ। ਉਪ ਰਾਸ਼ਟਰਪਤੀ ਚੋਣ ਲਈ ਰੈਡੀ ਦੀ ਨਾਮਜ਼ਦਗੀ 21 ਅਗਸਤ ਨੂੰ ਦਾਖਲ ਕੀਤੀ ਜਾਵੇਗੀ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ ਵਿੱਚ ਸੱਤਾਧਾਰੀ ਗੱਠਜੋੜ ਦੇ ਉਮੀਦਵਾਰ ਸੀ ਪੀ ਰਾਧਾਕਿ੍ਰਸ਼ਨਨ ਨੂੰ ਸਨਮਾਨਤ ਕੀਤਾ ਤੇ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੱਖਪਾਤ ਦੀ ਸਿਆਸਤ ਤੋਂ ਉਪਰ ਉੱਠ ਕੇ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਦੀ ਚੋਣ ਸਰਬਸੰਮਤੀ ਨਾਲ ਕਰਨ।