ਫਗਵਾੜਾ : ਈ ਡੀ ਨੇ ਬੁੱਧਵਾਰ ਸਵੇਰੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਫਗਵਾੜਾ ਸਥਿਤ ਟਿਕਾਣਿਆਂ ’ਤੇ ਛਾਪਾ ਮਾਰਿਆ। ਏਜੰਸੀ ਦੇ ਅਧਿਕਾਰੀਆਂ ਨੇ ਫਗਵਾੜਾ ਖੰਡ ਮਿੱਲ, ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਉਸ ਦੇ ਪਰਵਾਰ ਦੀ ਮਲਕੀਅਤ ਵਾਲੇ ਇੱਕ ਜਿੰਮ ’ਤੇ ਦਸਤਕ ਦਿੱਤੀ। ਵਾਹਿਦ ਪਹਿਲਾਂ ਆਪਣੇ ਐੱਨ ਆਰ ਆਈ ਸਾਥੀ ਸੁਖਬੀਰ ਐੱਸ ਸੰਦਲ ਨਾਲ ਖੰਡ ਮਿੱਲ ਦਾ ਸਹਿ-ਮਾਲਕ ਸੀ ਪਰ ਹੁਣ ਇਸ ਨੂੰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਰਾਣਾ ਸ਼ੂਗਰ ਮਿੱਲ ਵੱਲੋਂ ਚਲਾਇਆ ਜਾ ਰਿਹਾ ਹੈ।
ਕੇਂਦਰੀ ਏਜੰਸੀ ਵਾਹਿਦ ਵਿਰੁੱਧ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਦੋ ਸਾਲ ਪਹਿਲਾਂ ਖੰਡ ਮਿੱਲ ਦੀ ਸਰਕਾਰੀ ਜ਼ਮੀਨ ਵੇਚਣ ਦੇ ਦੋਸ਼ ਹੇਠ ਦਰਜ ਕੀਤੇ ਗਏ ਇੱਕ ਕੇਸ ਦੇ ਆਧਾਰ ’ਤੇ ਕਰ ਰਹੀ ਹੈ। ਵਾਹਿਦ, ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਸਿੰਘ ਨੂੰ ਵੀ ਉਸ ਸਮੇਂ ਵਿਜੀਲੈਂਸ ਬਿਊਰੋ ਨੇ ਗਿ੍ਰਫਤਾਰ ਕੀਤਾ ਸੀ। ਸਤੰਬਰ 2023 ਵਿੱਚ ਉਨ੍ਹਾਂ ਵਿਰੁੱਧ ਆਈ ਪੀ ਸੀ ਦੀਆਂ ਧਾਰਾਵਾਂ 420, 467, 468, 471, 166 ਅਤੇ 176 ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਵਾਹਿਦ 2003 ਵਿੱਚ ਹਵਾਲਾ ਰੂਟ ਰਾਹੀਂ ਕਥਿਤ ਮਨੀ ਲਾਂਡਰਿੰਗ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਪਹਿਲਾਂ ਹੀ ਈ ਡੀ ਦੀ ਜਾਂਚ ਦੇ ਘੇਰੇ ਵਿੱਚ ਸੀ। ਇਹ ਮਾਮਲਾ ਉਸ ਸਮੇਂ ਵਾਹਿਦ ਦੇ ਐੱਨ ਆਰ ਆਈ ਸਾਥੀ ਸੰਦਲ ਵੱਲੋਂ ਖੰਡ ਮਿੱਲ ਵਿੱਚ ਕੀਤੇ ਗਏ ਨਿਵੇਸ਼ ਨਾਲ ਸੰਬੰਧਤ ਸੀ। ਉਨ੍ਹਾਂ ਦੇ ਸਾਰੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਗਈ ਸੀ ਅਤੇ ਈ ਡੀ ਨੇ ਉਸ ਨੂੰ 2015 ਵਿੱਚ ਵੀ ਇਸੇ ਮਾਮਲੇ ਵਿੱਚ ਤਲਬ ਕੀਤਾ ਸੀ। ਉਸ ਸਮੇਂ ਉਹ ਮਾਰਕਫੈੱਡ ਦਾ ਚੇਅਰਪਰਸਨ ਵੀ ਸੀ। 2002 ਵਿੱਚ ਵਾਹਿਦ ਨੂੰ ਸਟਾਫ ਸਿਲੈਕਸ਼ਨ ਬੋਰਡ (ਐੱਸ ਐੱਸ ਬੀ), ਪੰਜਾਬ ਦੇ ਮੈਂਬਰ ਵਜੋਂ ਹੋਰ ਬੋਰਡ ਮੈਂਬਰਾਂ ਦੇ ਨਾਲ, ਵਿਜੀਲੈਂਸ ਬਿਊਰੋ ਵੱਲੋਂ 1998-2002 ਵਿੱਚ ਸੂਬੇ ਵਿੱਚ ਅਕਾਲੀ ਦਲ ਦੇ ਸ਼ਾਸਨ ਦੌਰਾਨ ਕੁਝ ਨਿਯੁਕਤੀਆਂ ਵਿੱਚ ਬੇਨਿਯਮੀਆਂ ਕਰਨ ਲਈ ਗਿ੍ਰਫਤਾਰ ਕੀਤਾ ਗਿਆ ਸੀ। ਹਾਲਾਂਕਿ ਉਹ 2010 ਵਿੱਚ ਮੁਹਾਲੀ ਅਦਾਲਤ ਦੁਆਰਾ ਕਲੀਨ ਚਿੱਟ ਪ੍ਰਾਪਤ ਕਰਨ ਵਿੱਚ ਸਫਲ ਰਿਹਾ।





