ਨਵੀਂ ਦਿੱਲੀ : ਭਾਜਪਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਬੁੱਧਵਾਰ ਸਵੇਰੇ ਸਿਵਲ ਲਾਈਨਜ਼ ਸਥਿਤ ਉਨ੍ਹਾ ਦੀ ਸਰਕਾਰੀ ਰਿਹਾਇਸ਼ ’ਤੇ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਹਮਲਾ ਕੀਤਾ ਗਿਆ।
ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਹਮਲਾਵਰ ਨੇ ਪਹਿਲਾਂ ਮੁੱਖ ਮੰਤਰੀ ਨੂੰ ਕੁਝ ਕਾਗਜ਼ਾਤ ਦਿੱਤੇ ਅਤੇ ਫਿਰ ਹਮਲਾ ਕਰ ਦਿੱਤਾ। ਮੁਲਜ਼ਮ ਦੀ ਪਛਾਣ 41 ਸਾਲਾ ਰਾਜੇਸ਼ ਖੀਮਜੀ ਵਜੋਂ ਹੋਈ ਹੈ, ਜੋ ਕਿ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਮੁੱਖ ਮੰਤਰੀ ਦੇ ਮੱਥੇ ’ਤੇ ਮਾਮੂਲੀ ਸੱਟ ਲੱਗੀ ਹੈ। ਪੁਲਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਸੀ।
ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਲੋਕਾਂ ਨਾਲ ਮੁੱਖ ਮੰਤਰੀ ਦਾ ਨਿਡਰ ਸੰਪਰਕ ਅਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਸਪੱਸ਼ਟ ਤੌਰ ’ਤੇ ਵਿਰੋਧੀ ਧਿਰ ਨੂੰ ਪਰੇਸ਼ਾਨ ਕਰਦੀ ਹੈ, ਜੋ ਅਜਿਹੀਆਂ ਸ਼ਰਮਨਾਕ ਚਾਲਾਂ ’ਤੇ ਉਤਰ ਆਈ ਹੈ। ਦਿੱਲੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਇੱਕ ਪੋਸਟ ’ਚ ਕਿਹਾ, ‘‘ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਬਹੁਤ ਨਿੰਦਣਯੋਗ ਹੈ। ਲੋਕਤੰਤਰ ਵਿੱਚ, ਅਸਹਿਮਤੀ ਅਤੇ ਵਿਰੋਧ ਲਈ ਜਗ੍ਹਾ ਹੁੰਦੀ ਹੈ, ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਮੀਦ ਹੈ ਕਿ ਦਿੱਲੀ ਪੁਲਸ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇਗੀ।’’ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਵੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ, ‘‘ਜ਼ਿੰਮੇਵਾਰਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਦਿੱਲੀ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ, ਸਿਰਫ ਔਰਤਾਂ ਹੀ ਨਹੀਂ, ਸਗੋਂ ਕੋਈ ਵੀ। ਜਿਸ ਤਰ੍ਹਾਂ ਦੇ ਵਿਵਹਾਰ ਅਤੇ ਦੁਖਦਾਈ ਘਟਨਾ ਦਾ ਰੇਖਾ ਨੇ ਸਾਹਮਣਾ ਕੀਤਾ ਹੈ, ਉਸ ਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਜਾਗਣ ਦਾ ਸਮਾਂ ਆ ਗਿਆ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।’’
ਇਸੇ ਦੌਰਾਨ ਮੁਲਜ਼ਮ ਦੀ ਮਾਂ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪੁੱਤਰ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਉਹ ਅਵਾਰਾ ਕੁੱਤਿਆਂ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਖਿਲਾਫ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਕੌਮੀ ਰਾਜਧਾਨੀ ਗਿਆ ਸੀ। ਮੁਲਜ਼ਮ ਰਾਜਕੋਟ ਦੇ ਕੋਠਾਰੀਆ ਰੋਡ ਸਥਿਤ ਗੋਕੁਲ ਪਾਰਕ ਵਿੱਚ ਆਪਣੀ ਪਤਨੀ, ਪੁੱਤਰ ਅਤੇ ਮਾਤਾ-ਪਿਤਾ ਨਾਲ ਰਹਿੰਦਾ ਹੈ। ਉਸ ਦੀ ਗਿ੍ਰਫਤਾਰੀ ਮਗਰੋਂ ਰਾਜਕੋਟ ਪੁਲਸ ਉਸ ਦੇ ਘਰ ਪਹੁੰਚੀ ਅਤੇ ਉਸ ਦੀ ਮਾਂ ਭਾਨੂਬੇਨ ਸਕਾਰੀਆ ਤੋਂ ਪੁੱਛਗਿੱਛ ਕੀਤੀ। ਬਾਅਦ ਵਿੱਚ ਭਾਨੂਬੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਪੁੱਤਰ ਇੱਕ ਆਟੋ-ਰਿਕਸ਼ਾ ਚਾਲਕ ਹੈ ਅਤੇ ਉਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਉਹ ਪਸ਼ੂ ਪ੍ਰੇਮੀ ਹੈ ਅਤੇ ਦਿੱਲੀ ਦੀਆਂ ਸੜਕਾਂ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਭੇਜਣ ਦੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮ ਤੋਂ ਬਹੁਤ ਦੁਖੀ ਸੀ। ਕੁਝ ਦਿਨ ਪਹਿਲਾਂ ਉਹ ਹਰਿਦੁਆਰ ਗਿਆ ਅਤੇ ਫਿਰ ਫੋਨ ’ਤੇ ਦੱਸਿਆ ਕਿ ਉਹ ਦਿੱਲੀ ਵਿੱਚ ਕੁੱਤਿਆਂ ਦੇ ਸਮਰਥਨ ਵਿੱਚ ਇੱਕ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਜਾ ਰਿਹਾ ਹੈ।





