ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲੇ ਤੋਂ ਇੱਕ ਦਿਨ ਬਾਅਦ ਸੀਨੀਅਰ ਆਈ ਪੀ ਐੱਸ ਅਧਿਕਾਰੀ ਸਤੀਸ਼ ਗੋਲਚਾ ਨੂੰ ਦਿੱਲੀ ਪੁਲਸ ਦਾ 26ਵਾਂ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾ ਐੱਸ ਬੀ ਕੇ ਸਿੰਘ ਦੀ ਥਾਂ ਲਈ ਹੈ, ਜਿਨ੍ਹਾ ਸੰਜੇ ਅਰੋੜਾ ਦੀ ਸੇਵਾਮੁਕਤੀ ਤੋਂ ਬਾਅਦ 31 ਜੁਲਾਈ ਨੂੰ ਕਮਿਸ਼ਨਰ ਵਜੋਂ ਵਾਧੂ ਚਾਰਜ ਸੰਭਾਲਿਆ ਸੀ। ਗੋਲਚਾ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸਨ। ਉਹ ਅਰੁਣਾਚਲ ਪ੍ਰਦੇਸ਼ ਦੇ ਡੀ ਜੀ ਪੀ ਵੀ ਰਹਿ ਚੁੱਕੇ ਹਨ।
ਕੇਰਲਾ ਯੂਥ ਕਾਂਗਰਸ ਦੇ ਪ੍ਰਧਾਨ ਵੱਲੋਂ ਅਸਤੀਫਾ
ਪਠਾਨਮਥਿੱਟਾ : ਕੇਰਲਾ ਤੋਂ ਕਾਂਗਰਸ ਵਿਧਾਇਕ ਰਾਹੁਲ ਮਮਕੂਟਾਥਿਲ ਨੇ ਵੀਰਵਾਰ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾ ਇੱਥੋਂ ਨੇੜੇ ਅਦੂਰ ਵਿੱਚ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ। ਅਦਾਕਾਰਾ ਰਿਨੀ ਐੱਨ ਜਾਰਜ ਵੱਲੋਂ ਇੱਕ ਮਸ਼ਹੂਰ ਰਾਜਨੀਤਕ ਪਾਰਟੀ ਦੇ ‘ਇੱਕ ਨੌਜਵਾਨ ਨੇਤਾ’ ਖਿਲਾਫ ਦੁਰਵਿਹਾਰ ਦਾ ਦੋਸ਼ ਲਗਾਉਣ ਤੋਂ ਬਾਅਦ ਭਾਜਪਾ ਅਤੇ ਸੀ ਪੀ ਆਈ (ਐੱਮ) ਨਾਲ ਸੰਬੰਧਤ ਯੁਵਾ ਸੰਗਠਨ ਮਮਕੂਟਾਥਿਲ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਅਤੇ ਵਿਧਾਇਕ ਵਜੋਂ ਉਨ੍ਹਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਮਮਕੂਟਾਥਿਲ ਨੇ ਕਿਹਾ, ‘ਅਦਾਕਾਰਾ ਮੇਰੀ ਦੋਸਤ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਜਿਸ ਵਿਅਕਤੀ ਦਾ ਉਸ ਨੇ ਜ਼ਿਕਰ ਕੀਤਾ ਹੈ, ਉਹ ਮੈਂ ਸੀ। ਉਹ ਮੇਰੀ ਚੰਗੀ ਦੋਸਤ ਹੈ ਅਤੇ ਰਹੇਗੀ। ਮੇਰਾ ਮੰਨਣਾ ਹੈ ਕਿ ਮੈਂ ਹੁਣ ਤੱਕ ਦੇਸ਼ ਦੇ ਕਾਨੂੰਨ ਜਾਂ ਸੰਵਿਧਾਨ ਦੇ ਵਿਰੁੱਧ ਕੁਝ ਨਹੀਂ ਕੀਤਾ।’
ਆਨਲਾਈਨ ਗੇਮਿੰਗ ਬਾਰੇ ਬਿੱਲ ਰਾਜ ਸਭਾ ’ਚ ਵੀ ਪਾਸ
ਨਵੀਂ ਦਿੱਲੀ : ਰਾਜ ਸਭਾ ਵੱਲੋਂ ਵੀਰਵਾਰ ਆਨਲਾਈਨ ਗੇਮਿੰਗ ਨੂੰ ਨਿਯਮਤ ਕਰਨ ਅਤੇ ਵਿੱਦਿਅਕ ਤੇ ਸਮਾਜਿਕ ਆਨਲਾਈਨ ਗੇਮਾਂ ਨੂੰ ਉਤਸ਼ਾਹਤ ਕਰਨ ਵਾਲੇ ਬਿੱਲ ਨੂੰ ਬਿਨਾਂ ਕਿਸੇ ਬਹਿਸ ਦੇ ਮਨਜ਼ੂਰੀ ਦੇਣ ਨਾਲ ਇਸ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ। ਰਾਜ ਸਭਾ ਵਿੱਚ ‘ਆਨਲਾਈਨ ਸਪੋਰਟਸ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਬਿੱਲ, 2025’ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਲੋਕ ਸਭਾ ਨੇ ਇਸ ਬਿੱਲ ਨੂੰ ਬੁੱਧਵਾਰ ਹੀ ਪਾਸ ਕਰ ਦਿੱਤਾ ਸੀ।




