ਨਵੀਂ ਦਿੱਲੀ : ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਆਪੋਜ਼ੀਸ਼ਨ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਬੀ ਸੁਦਰਸ਼ਨ ਰੈਡੀ ਨੇ ਵੀਰਵਾਰ ਨਾਮਜ਼ਦਗੀ ਪੱਤਰ ਦਾਖਲ ਕੀਤੇ। ਰੈਡੀ ਦੇ ਨਾਮਜ਼ਦਗੀ ਪੱਤਰਾਂ ਦੇ ਚਾਰ ਸੈੱਟ ਦਾਖਲ ਕੀਤੇ ਗਏ ਹਨ, ਜਿਨ੍ਹਾਂ ’ਤੇ ਤਜਵੀਜ਼ਕਾਰ ਅਤੇ ਤਾਈਦਕਾਰ ਵਜੋਂ ਕਰੀਬ 160 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿੱਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਡੀ ਐੱਮ ਕੇ ਦੇ ਤਿਰੂਚੀ ਸ਼ਿਵਾ ਸ਼ਾਮਲ ਹਨ। ਨਾਮਜ਼ਦਗੀ ਦਾਖਲ ਕਰਨ ਮੌਕੇ ਸੋਨੀਆ, ਖੜਗੇ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਤਿਰੂਚੀ ਸ਼ਿਵਾ ਅਤੇ ਕਈ ਹੋਰ ਵਿਰੋਧੀ ਆਗੂ ਮੌਜੂਦ ਸਨ। ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਰੈਡੀ ਨੇ ਕਿਹਾ, ‘‘ਮੈਂ ਕੱਲ੍ਹ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਹਾਂ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਹਰ ਕੋਈ ਮੇਰਾ ਸਮਰਥਨ ਕਰੇਗਾ।’’ ਰੈਡੀ ਸੁਪਰੀਮ ਕੋਰਟ ਦੇ ਜੱਜ ਅਤੇ ਗੋਆ ਦੇ ਲੋਕਾਯੁਕਤ ਰਹੇ ਹਨ। ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀ ਪੀ ਰਾਧਾਕਿ੍ਰਸ਼ਨਨ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ।


