ਭਕਨਾ/ਖਾਸਾ : ਸੀ ਪੀ ਆਈ ਦੀ ਕੌਮੀ ਕਾਂਗਰਸ, ਜਿਹੜੀ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੇ ਪ੍ਰਚਾਰ ਲਈ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਥਾਨ ਹੁਸੈਨੀਵਾਲਾ ਅਤੇ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਸੁਨਾਮ ਤੋਂ ਜਥੇ ਚੱਲ ਰਹੇ ਹਨ। ਭਕਨਾ ਸਮਾਗਮ ਦੀ ਪ੍ਰਧਾਨਗੀ ਲਖਬੀਰ ਸਿੰਘ ਨਿਜ਼ਾਮਪੁਰਾ ਤੇ ਦਵਿੰਦਰ ਸੋਹਲ ਨੇ ਕੀਤੀ।ਭਕਨੇ ਵਾਲੇ ਜਥੇ ਨੂੰ ਰਵਾਨਾ ਕਰਨ ਵਾਸਤੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਪਹੁੰਚੇ। ਉਨ੍ਹਾ ਸੰਬੋਧਨ ਦੌਰਾਨ ਕਿਹਾ ਕਿ ਇਹ ਕੌਮੀ ਕਾਂਗਰਸ ਕਮਿਊਨਿਸਟਾਂ ਲਈ ਰਾਹ-ਦਸੇਰਾ ਹੋਵੇਗੀ।ਕਾਂਗਰਸ ਉਸ ਸਮੇਂ ਹੋ ਰਹੀ ਹੈ, ਜਦੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਦਮ-ਦਰ-ਕਦਮ ਫਾਸ਼ੀਵਾਦੀ ਨੀਤੀ ਵੱਲ ਵਧਦੀ ਜਾ ਰਹੀ ਹੈ।ਕੇਂਦਰ ਸਰਕਾਰ ਦੀ ਆਲੋਚਨਾ ਕਰਨ ਵਾਲੇ ਬੁੱਧੀਜੀਵੀਆਂ, ਕਾਲਮ ਨਵੀਸਾਂ ਅਤੇ ਚੈਨਲ ਅਪਰੇਟ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਕੇਸਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਇਹ ਵਰਤਾਰਾ ਅੱਗੇ ਵੀ ਜਾਰੀ ਹੈ।ਹਿੰਦੁਸਤਾਨ ਦੇ ਜਲ, ਜੰਗਲ, ਜ਼ਮੀਨ ਅਤੇ ਕੁਦਰਤੀ ਖਣਿਜ ਪਦਾਰਥ ਧੜਾਧੜ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ।ਟਰੰਪ ਨੇ ਟਰੇਡ ਵਾਰ ਰਾਹੀਂ ਭਾਰਤ ਨਾਲ ਵਪਾਰ ’ਤੇ ਟੈਰਿਫ (ਟੈਕਸ) ’ਚ ਅੰਤਾਂ ਦਾ ਵਧਾ ਦਿੱਤਾ ਹੈ, ਜਿਸ ਨਾਲ ਵਪਾਰ ਔਖਾ ਹੋ ਜਾਵੇਗਾ।ਕੌਮੀ ਕਾਂਗਰਸ ਉਕਤ ਮਸਲਿਆਂ ਦੇ ਹੱਲ ਅਤੇ ਸਰਮਾਏਦਾਰੀ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੈਦਾ ਕੀਤੇ ਹਾਲਾਤ ਦੇ ਵਿਰੋਧ ਲਈ ਸੰਘਰਸ਼ ਦੀ ਰੂਪ-ਰੇਖਾ ਉਲੀਕੇਗੀ। ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਲਿਫਾਫੇਬਾਜ਼ ਹੈ ਅਤੇ ਆਨੇ-ਬਹਾਨੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ।ਲੈਂਡ ਪੂਲਿੰਗ ਦਾ ਫੈਸਲਾ ਭਾਵੇਂ ਵਾਪਸ ਲੈ ਲਿਆ ਹੈ, ਪਰ ਸਰਕਾਰ ਦੀ ਨੀਯਤ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਕੇ ਕਾਰਪੋਰੇਟਾਂ ਰਾਹੀਂ ਕਾਲੋਨੀਆਂ ਉਸਾਰਨ ਵਾਲੀ ਹੀ ਹੈ।ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਗੰੁਮਰਾਹ ਕਰਕੇ ਵੋਟਾਂ ਲੈ ਲਈਆਂ, ਪਰ ਹੁਣ ਤੱਕ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਹੀਂ ਦਿੱਤਾ ਗਿਆ। ਮਜ਼ਦੂਰਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੈ, ਉਨ੍ਹਾਂ ਨੂੰ ਦੋ ਟਾਈਮ ਰੋਟੀ ਖਾਣੀ ਮੁਸ਼ਕਲ ਹੋਈ ਪਈ ਹੈ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਬੇਰੁਜ਼ਗਾਰੀ ਦੇ ਕਾਰਨ ਸਾਡੀ ਜਵਾਨੀ ਨਾਲ ਜੋ ਵਿਦੇਸ਼ਾਂ ਵਿੱਚ ਵਾਪਰ ਰਿਹਾ ਹੈ, ਉਹ ਦੇਸ਼ ਦਾ ਸਾਰਾ ਆਵਾਮ ਜਾਣਦਾ ਹੈ।ਸਾਡੇ ਕੁੜੀਆਂ, ਮੁੰਡੇ ਵਿਦੇਸ਼ਾਂ ਵਿੱਚ ਉਥੋਂ ਦੇ ਮੂਲ ਨਿਵਾਸੀਆਂ ਦੇ ਭਾਂਡੇ ਮਾਂਜ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ। ਟਰੰਪ ਨੇ ਤਾਂ ਹਿੰਦ ਦੇ ਮੁੰਡਿਆਂ ਨਾਲ ਜੱਗੋਂ ਵੱਖਰਾ ਹੀ ਕਰ ਦਿੱਤਾ ਹੈ।ਮੁੰਡਿਆਂ ਨੂੰ ਬੇੜੀਆਂ ਵਿੱਚ ਨੂੜ ਕੇ ਜਹਾਜ਼ ਵਿੱਚ ਏਧਰ ਛੱਡਿਆ ਗਿਆ, ਪਰ ਭਾਜਪਾ ਸਰਕਾਰ ਨੇ ਇਹ ਵਰਤਾਰਾ ਅਣਦੇਖਿਆ ਹੀ ਕਰ ਛੱਡਿਆ ਹੈ। ਕੌਮੀ ਕਾਂਗਰਸ ਵਿੱਚ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ਼ ਕਰਨ ਦੀ ਰੂਪ-ਰੇਖਾ ਉਲੀਕੀ ਜਾਵੇਗੀ।ਮਾੜੀਮੇਘਾ ਨੇ ਕਿਹਾ ਕਿ ਇਹ ਜਥਾ ਅੱਗੇ ਝਬਾਲ, ਤਰਨ ਤਾਰਨ ਅਤੇ ਖਡੂਰ ਸਾਹਿਬ ਇਲਾਕਿਆਂ ਵਿੱਚ ਪ੍ਰੋਗਰਾਮ ਕਰੇਗਾ।
ਸੀ ਪੀ ਆਈ ਦੇ ਸੀਨੀਅਰ ਆਗੂ ਹਰਭਜਨ ਸਿੰਘ ਨੇ ਇਨਕਲਾਬੀ ਅਸ਼ੀਰਵਾਦ ਦੇ ਕੇ ਜਥਾ ਤੋਰਿਆ।ਇਸ ਮੌਕੇ ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ, ਪੰਜਾਬ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਰਜਿੰਦਰਪਾਲ ਕੌਰ, ਸੀ ਪੀ ਆਈ ਦੇ ਸੀਨੀਅਰ ਆਗੂ ਸੁਖਚੈਨ ਸਿੰਘ, ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਬਲਵਿੰਦਰ ਸਿੰਘ ਦੁਧਾਲਾ ਤੇ ਬਲਕਾਰ ਸਿੰਘ ਵਲਟੋਹਾ, ਬਲਕਾਰ ਸਿੰਘ ਦੁਧਾਲਾ, ਮਹਿੰਦਰਪਾਲ ਸਿੰਘ ਤੇ ਰੁਪਿੰਦਰ ਕੌਰ ਮਾੜੀਮੇਘਾ ਵੀ ਮੌਜੂਦ ਸਨ।





