ਮਾਸਕੋ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੁਵੱਲੇ ਸਬੰਧਾਂ ’ਤੇ ਚਰਚਾ ਕਰਨ ਅਤੇ ਸਾਲ ਦੇ ਅਖੀਰ ’ਚ ਹੋਣ ਵਾਲੇ ਸਾਲਾਨਾ ਸਿਖਰ ਸੰਮੇਲਨ ਦੀ ਤਿਆਰੀ ਲਈ ਵੀਰਵਾਰ ਇੱਥੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ।
ਜੈਸ਼ੰਕਰ ਨੇ ਕਿਹਾ, ‘ਅੱਜ ਦੀ ਮੀਟਿੰਗ ਨੇ ਸਾਨੂੰ ਨਾ ਸਿਰਫ ਆਪਣੇ ਸਿਆਸੀ ਸੰਬੰਧਾਂ ’ਤੇ ਚਰਚਾ ਕਰਨ ਦਾ, ਬਲਕਿ ਸਾਡੇ ਦੁਵੱਲੇ ਸੰਬੰਧਾਂ ਦੀ ਸਮੀਖਿਆ ਕਰਨ ਦਾ ਵੀ ਮੌਕਾ ਦਿੱਤਾ ਹੈ। ਇਸ ਲਈ ਮੈਂ ਸਿਆਸਤ, ਵਪਾਰ, ਆਰਥਕ ਨਿਵੇਸ਼, ਰੱਖਿਆ, ਵਿਗਿਆਨ ਅਤੇ ਤਕਨਾਲੋਜੀ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਲੋਕਾਂ ਦੇ ਆਪਸੀ ਸੰਬੰਧ ਮਜ਼ਬੂਤ ਹੋਣ ਦੀ ਉਮੀਦ ਕਰਦਾ ਹਾਂ।’
ਉਨ੍ਹਾ ਕਿਹਾ, ‘ਸਾਡੇ ਨੇਤਾ ਪਿਛਲੇ ਸਾਲ ਜੁਲਾਈ ’ਚ 22ਵੇਂ ਸਾਲਾਨਾ ਸਿਖਰ ਸੰਮੇਲਨ ਲਈ ਮਿਲੇ ਸਨ ਅਤੇ ਇਸ ਤੋਂ ਬਾਅਦ ਕਜ਼ਾਨ ’ਚ ਮਿਲੇ ਸਨ। ਹੁਣ ਅਸੀਂ ਸਾਲ ਦੇ ਅਖੀਰ ’ਚ ਹੋਣ ਵਾਲੇ ਸਾਲਾਨਾ ਸਿਖਰ ਸੰਮੇਲਨ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਹਮੇਸ਼ਾ ਸਾਡੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸਾਡਾ ਮਾਰਗ-ਦਰਸ਼ਨ ਕੀਤਾ ਹੈ।’
ਜੈਸ਼ੰਕਰ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਸਾਮਾਨ ’ਤੇ ਟੈਰਿਫ ਨੂੰ ਦੁੱਗਣਾ ਕਰਕੇ ਕੁੱਲ 50 ਫੀਸਦੀ ਕਰਨ ਤੋਂ ਬਾਅਦ ਭਾਰਤ-ਅਮਰੀਕਾ ਸੰਬੰਧ ਤਣਾਅਪੂਰਨ ਹੋ ਗਏ ਹਨ। ਇਸ ਟੈਰਿਫ ਵਿੱਚ ਰੂਸੀ ਕੱਚੇ ਤੇਲ ਦੀ ਖਰੀਦ ’ਤੇ 25 ਫੀਸਦੀ ਵਾਧੂ ਡਿਊਟੀ ਵੀ ਸ਼ਾਮਲ ਹੈ।



