ਮੁਹਾਲੀ : ਹਸਾ ਹਸਾ ਕੇ ਢਿੱਡੀ ਪੀੜਾਂ ਪਵਾਉਣ ਵਾਲੇ ਡਾ. ਜਸਵਿੰਦਰ ਭੱਲਾ ਸ਼ੁੱਕਰਵਾਰ ਤੜਕੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾ ਨੂੰ ਸਿਹਤ ਠੀਕ ਨਾ ਹੋਣ ਕਾਰਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ, ਜਿੱਥੇ ਸ਼ੁੱਕਰਵਾਰ ਤੜਕੇ ਅੰਤਮ ਸਾਹ ਲਏ। ਮੌਤ ਬ੍ਰੇਨ ਸਟਰੋਕ ਨਾਲ ਹੋਈ ਦੱਸੀ ਜਾ ਰਹੀ ਹੈ। ਉਨ੍ਹਾ ਦਾ ਸਸਕਾਰ ਧੀ ਦੇ ਵਿਦੇਸ਼ ਤੋਂ ਆਉਣ ਮਗਰੋਂ ਸ਼ਨਿੱਚਰਵਾਰ ਮੁਹਾਲੀ ਦੇ ਬਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਪਰਮਦੀਪ ਢਿੱਲੋਂ, ਪੁੱਤਰ ਪੁਖਰਾਜ ਭੱਲਾ ਅਤੇ ਧੀ ਅਰਸ਼ਦੀਪ ਕੌਰ ਛੱਡ ਗਏ ਹਨ। ਪਰਮਦੀਪ ਭੱਲਾ ਫਾਈਨ ਆਰਟਸ ਟੀਚਰ ਹਨ। ਪੁਖਰਾਜ ਭੱਲਾ ਫਿਲਮ ਜਗਤ ’ਚ ਪਛਾਣ ਬਣਾ ਰਿਹਾ ਹੈ। ਭੱਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਵਿਖੇ ਬਹਾਦਰ ਸਿੰਘ ਭੱਲਾ ਅਤੇ ਮਾਤਾ ਸਤਵੰਤ ਕੌਰ ਦੇ ਘਰ 4 ਮਈ 1960 ਨੂੰ ਪੈਦਾ ਹੋਏ। ਪਿਤਾ ਸਿੱਖਿਆ ਵਿਭਾਗ ’ਚ ਅਫਸਰ ਸਨ। ਉਨ੍ਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐੱਮ ਐੱਸਸੀ ਐਗਰੀਕਲਚਰ ਕਰਨ ਤੋਂ ਬਾਅਦ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਮੇਰਠ ਤੋਂ ਪੀਐੱਚ ਡੀ ਕੀਤੀ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਭਰਤੀ ਹੋਏ ਅਤੇ 31 ਮਈ 2020 ਨੂੰ ਵਿਸਥਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾ ਦੀ ਵਿਦਿਆਰਥੀ ਜੀਵਨ ਤੋਂ ਹੀ ਕਲਾਕਾਰੀ ਵੱਲ ਰੁਚੀ ਸੀ। 1975 ਵਿੱਚ ਆਲ ਇੰਡੀਆ ਰੇਡੀਓ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪਰ 1988 ਤੋਂ ਬਾਲ ਮੁਕੰਦ ਸ਼ਰਮਾ ਨਾਲ ਉਨ੍ਹਾ ਨੇ ‘ਛਣਕਾਟਾ’ ਰਾਹੀਂ ਪੱਕੇ ਪੈਰੀਂ ਕਾਮੇਡੀ ਖੇਤਰ ਵਿੱਚ ਐਂਟਰੀ ਕੀਤੀ। ਇਸ ਮਗਰੋਂ ਉਹ ਹਰ ਵਰ੍ਹੇ ਛਣਕਾਟਾ ਕੱਢਦੇ ਰਹੇ, ਜਿਸ ਵਿੱਚ ਲੋਕ ਮਸਲਿਆਂ ਨੂੰ ਪ੍ਰਮੁੱਖ ਤੌਰ ’ਤੇ ਉਭਾਰਿਆ ਜਾਂਦਾ ਸੀ। ਉਨ੍ਹਾ ਨੇ 27 ਤੋਂ ਵੱਧ ਆਡੀਓ ਕੈਸੇਟਾਂ ਕੱਢੀਆਂ। ਉਨ੍ਹਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਮਾਹੌਲ ਠੀਕ ਹੈ, ਬਾਬਲ ਦਾ ਵਿਹੜਾ, ‘ਜੀਹਨੇ ਮੇਰਾ ਦਿਲ ਲੁੱਟਿਆ’, ਪਾਵਰ ਕੱਟ, ਚੱਕ ਦੇ ਫੱਟੇ, ਮੇਲ ਕਰਾ ਦੇ ਰੱਬਾ, ਕੈਰੀ ਔਨ ਜੱਟਾ ਕਾਫੀ ਮਕਬੂਲ ਹੋਈਆਂ।
ਡਾ. ਭੱਲਾ ਦੀ ਜਿੱਥੇ ਕਾਮੇਡੀ ਨੂੰ ਦਰਸ਼ਕਾਂ/ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਉੱਥੇ ਉਨ੍ਹ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ। ਇਨ੍ਹਾਂ ’ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ, ਜਿਵੇਂ ਕਿ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ, ਗੰਦੀ ਔਲਾਦ ਨਾ ਮਜ਼ਾ ਨਾ ਸਵਾਦ (ਫਿਲਮ ਕੈਰੀ ਔਨ ਜੱਟਾ), 365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ (ਲੱਕੀ ਦੀ ਅਨਲੱਕੀ ਸਟੋਰੀ), ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ (ਚੱਕ ਦੇ ਫੱਟੇ), ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ (ਜੀਹਨੇ ਮੇਰਾ ਦਿਲ ਲੁੱਟਿਆ), ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ (ਜੱਟ ਐਂਡ ਜੂਲੀਅਟ), ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ (ਜੱਟ ਬੁਆਏਜ਼ ਪੁੱਤ ਜੱਟਾਂ ਦੇ), ਇਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ (ਰੰਗੀਲੇ), ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ (ਜੱਟ ਏਅਰਵੇਜ਼)। ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ..ਛਣਕਾਟਿਆਂ ਦੀ ਛਣਕਾਰ ਬੰਦ ਹੋਣ ’ਤੇ ਮਨ ਉਦਾਸ ਹੈ… ਵਾਹਿਗੁਰੂ ਚਰਨਾਂ ’ਚ ਨਿਵਾਸ ਬਖਸ਼ਣ।ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ’ਚ ਵਸਦੇ ਰਹਿਣਗੇ…।’’





