ਭਕਨਾ ਤੋਂ ਚੱਲਿਆ ਲੋਕ ਚੇਤਨਾ ਜਥਾ ਮਾਰਚ 26 ਨੂੰ ਜਲੰਧਰ ’ਚ ਦਾਖਲ ਹੋਵੇਗਾ

0
108

ਜਲੰਧਰ (ਪੱਤਰ ਪ੍ਰੇਰਕ)-ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ ਪੰਜਾਬ ਵਿੱਚ ਹੋਣਾ ਜਿੱਥੇ ਸੂਬੇ ਲਈ ਮਾਣ ਵਾਲੀ ਗੱਲ ਹੈ, ਉੱਥੇ ਇਹ ਪੰਜਾਬ ਦੀ ਕਮਿਊਨਿਸਟ ਲਹਿਰ ਨੂੰ ਉਤਸ਼ਾਹਤ ਵੀ ਕਰੇਗਾ। ਪੰਜਾਬ ਵਿੱਚ ਲੋਕ ਚੇਤਨਾ ਜਥਾ ਮਾਰਚਾਂ ਨੇ, ਜੋ ਕਿ ਪਾਰਟੀ ਕਾਂਗਰਸ ਨੂੰ ਸਮਰਪਿਤ ਹਨ, ਉਤਸ਼ਾਹੀ ਮਾਹੌਲ ਸਿਰਜਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਵਰਤਾਰਾ ਹੋਰ ਵੀ ਰੰਗ ਬੰਨ੍ਹੇਗਾ। ਉਕਤ ਸਾਰ-ਤੱਤ ਹੈ ਸੀ ਪੀ ਆਈ ਜਲੰਧਰ ਦੇ ਤਹਿਸੀਲ ਸਕੱਤਰਾਂ ਦੀ ਸਥਾਨਕ ਪਾਰਟੀ ਦਫਤਰ ਵਿੱਚ ਹੋਈ ਮੀਟਿੰਗ ਦਾ।
ਗਿਆਨ ਸੈਦਪੁਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ 26 ਅਗਸਤ ਨੂੰ ਜਲੰਧਰ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਜਥਾ ਮਾਰਚ ਦੇ ਸਵਾਗਤ ਅਤੇ ਅੱਗੋਂ ਦੇ ਰੂਟ ਮੈਪ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਨੇ ਦੱਸਿਆ ਕਿ ਭਕਨਾ ਤੋਂ ਚੱਲਿਆ ਹੋਇਆ ਲੋਕ ਚੇਤਨਾ ਜਥਾ ਮਾਰਚ 26 ਅਗਸਤ ਦੀ ਸ਼ਾਮ ਨੂੰ ਜ਼ਿਲ੍ਹੇ ਵਿੱਚ ਦਾਖਲ ਹੋਵੇਗਾ। ਜ਼ਿਲ੍ਹੇ ਦੇ ਸਾਥੀਆਂ ਵੱਲੋਂ ਜਥੇ ਦਾ ਭਰਵਾਂ ਸਵਾਗਤ ਹੋਵੇਗਾ। ਇਹ ਜਥਾ ਤੈਅ ਕੀਤੇ ਗਏ ਪ੍ਰੋਗਰਾਮ ਮੁਤਾਬਕ ਪੂਰੇ ਜ਼ਿਲ੍ਹੇ ਵਿੱਚ ਲੋਕਾਂ ਨੂੰ ਪਾਰਟੀ ਦੇ ਮਹਾਂ-ਸੰਮੇਲਨ ਬਾਰੇ ਜਾਗਰੂਕ ਕਰੇਗਾ। ਜ਼ਿਲ੍ਹਾ ਜਲੰਧਰ ਵਿੱਚ ਲੋਕ ਚੇਤਨਾ ਜਥਾ ਮਾਰਚ ਦੀ ਅਗਵਾਈ ਰਸ਼ਪਾਲ ਕੈਲੇ, ਹਰਜਿੰਦਰ ਸਿੰਘ ਮੌਜੀ, ਬੀਬੀ ਸੰਤੋਸ਼ ਬਰਾੜ, ਰਾਜਵਿੰਦਰ ਕੌਰ, ਵੀਰ ਕੁਮਾਰ, ਸੁਨੀਲ ਕੁਮਾਰ, ਸਿਕੰਦਰ ਸੰਧੂ, ਪਰਵਿੰਦਰ ਫਲਪੋਤਾ, ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਮਨਦੀਪ ਸਿੰਘ, ਬੀਬੀ ਕਸ਼ਮੀਰ ਕੁਰੈਸ਼ੀ ਆਦਿ ਕਰਨਗੇ। ਮੀਟਿੰਗ ਵਿੱਚ ਕਾਮਰੇਡ ਘੋੜਾਵਾਹੀ, ਸੱਤਪਾਲ ਬੰਬੀਆਂਵਾਲ ਅਤੇ ਸਤਪਾਲ ਭਗਤ ਵੀ ਮੌਜੂਦ ਸਨ।