ਮੁਹਾਲੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ : ਗੋਰੀਆ, ਦੇਵੀ ਕੁਮਾਰੀ

0
61

ਫਤਿਹਗੜ੍ਹ ਸਾਹਿਬ : 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀਆਂ ਤਿਆਰੀਆ ਲਈ ਐੱਫ ਸੀ ਆਈ ਦੇ ਵਰਕਰਾਂ ਦੀ ਮੀਟਿੰਗ ਐੱਫ ਸੀ ਆਈ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਿਹਾ ਹੈ। 21 ਸਤੰਬਰ ਨੂੰ ਮੁਹਾਲੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀ ਤਿਆਰੀ ਵਾਸਤੇ ਵੱਖ-ਵੱਖ ਪਿੰਡਾਂ ਦੇ ਕਿਰਤੀ ਲੋਕਾਂ ਦੀਆਂ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ। ਉਹਨਾ ਕਿਹਾ ਕਿ ਇਸ ਰੈਲੀ ਦੀ ਸਫਲਤਾ ਲਈ ਪਿੰਡਾਂ ਦੇ ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮ, ਐੱਫ ਸੀ ਆਈ ਵਰਕਰ, ਆਸ਼ਾ ਵਰਕਰ, ਮਿੱਡ ਡੇ ਮੀਲ ਵਰਕਰ, ਦੁਕਾਨਦਾਰ ਅਤੇ ਨੌਜਵਾਨ ਪੂਰਾ ਤਾਣ ਲਾਉਣਗੇ। ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਅਤੇ ਇਸ ਨਾਲ ਸੰਬੰਧਤ ਅਵਾਮੀ ਜਥੇਬੰਦੀਆਂ ਪੂਰੀ ਸਰਗਰਮੀ ਦੇ ਰੌਂਅ ਵਿੱਚ ਨਜ਼ਰ ਆ ਰਹੀਆਂ ਹਨ। ਮੁਹਾਲੀ ਰੈਲੀ ਲਈ ਮਜ਼ਦੂਰ ਵਰਗ ਪੂਰੇ ਉਤਸ਼ਾਹ ਵਿੱਚ ਹੈ। ਮੀਟਿੰਗ ਦਾ ਉਤਸ਼ਾਹੀ ਮਾਹੌਲ ਇਸ ਗੱਲ ਦਾ ਗਵਾਹ ਹੈ। ਮੀਟਿੰਗ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਹਰਦੇਵ ਸਿੰਘ ਬਡਲਾ, ਐੱਫ ਸੀ ਆਈ ਦੇ ਆਗੂ ਚਰਨਜੀਤ ਸਿੰਘ, ਹਰਮੀਤ ਸਿੰਘ, ਕੇਵਲ ਸਿੰਘ, ਸ਼ਿੰਦਰਪਾਲ ਸਿੰਘ, ਤਰਸੇਮ ਸਿੰਘ ਤੇ ਅਵਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।