ਅਨਿਲ ਅੰਬਾਨੀ ਖਿਲਾਫ ਧੋਖਾਧੜੀ ਦਾ ਕੇਸ

0
72

ਨਵੀਂ ਦਿੱਲੀ : ਸੀ ਬੀ ਆਈ ਨੇ ਸਨਿੱਚਰਵਾਰ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕੌਮ) ਅਤੇ ਇਸ ਦੇ ਪ੍ਰਮੋਟਰ ਡਾਇਰੈਕਟਰ ਅਨਿਲ ਅੰਬਾਨੀ ਵਿਰੁੱਧ ਕਥਿਤ ਬੈਂਕ ਧੋਖਾਧੜੀ ਦੇ ਸੰਬੰਧ ਵਿੱਚ ਕੇਸ ਦਰਜ ਕਰਕੇ ਅਤੇ ਅਨਿਲ ਅੰਬਾਨੀ ਦੀ ਰਿਹਾਇਸ਼ ਤੇ ਕੰਪਨੀ ਦੇ ਦਫਤਰਾਂ ’ਤੇ ਛਾਪੇ ਮਾਰੇ ਹਨ। ਦੋਸ਼ ਹਨ ਕਿ ਇਸ ਧੋਖਾਧੜੀ ਨਾਲ ਭਾਰਤੀ ਸਟੇਟ ਬੈਂਕ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਜਾਂਚ ਏਜੰਸੀ ਨੇ ਇਹ ਕਾਰਵਾਈ ਸਟੇਟ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ।
ਨਿਆਗਰਾ ਫਾਲ ਕੋਲ ਬੱਸ ਹਾਦਸੇ ’ਚ 5 ਮੌਤਾਂ
ਵੈਨਕੂਵਰ : ਅਮਰੀਕਾ ਵਿੱਚ ਨਿਆਗਰਾ ਫਾਲ ਤੋਂ ਹਾਈਵੇਅ 90 ਰਾਹੀਂ ਨਿਊ ਯਾਰਕ ਜਾਂਦੀ ਸੈਲਾਨੀ ਬੱਸ ਪੈਂਬਰੋਕ ਕੋਲ ਪਲਟਣ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 40 ਜ਼ਖਮੀ ਹੋ ਗਏ। ਬੱਸ ਵਿੱਚ 1 ਤੋਂ 74 ਸਾਲ ਦੇ 54 ਯਾਤਰੀ ਸਵਾਰ ਸਨ, ਜੋ ਭਾਰਤ, ਚੀਨ ਅਤੇ ਫਿਲਪਾਈਨ ਤੋਂ ਸੈਰ-ਸਪਾਟੇ ਲਈ ਆਏ ਸਨ। ਹਾਦਸਾ ਬਫਲੋ ਤੋਂ 40 ਕੁ ਕਿੱਲੋਮੀਟਰ ਦੂਰ ਵਾਪਰਿਆ।
ਉੱਤਰਾਖੰਡ ’ਚ ਭਾਰੀ ਮੀਂਹ ਨਾਲ ਤਬਾਹੀ
ਗੋਪੇਸ਼ਵਰ (ਉੱਤਰਾਖੰਡ) : ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ’ਚ ਸ਼ੁੱਕਰਵਾਰ ਰਾਤ ਪਏ ਭਾਰੀ ਮੀਂਹ ਕਾਰਨ ਇੱਕ ਮੌਸਮੀ ਨਾਲੇ ਟੂਨਰੀ ਗਧੇਰੇ ’ਚ ਭਿਆਨਕ ਹੜ੍ਹ ਆ ਗਿਆ, ਜਿਸ ਕਰਕੇ ਕਈ ਘਰਾਂ ਅਤੇ ਬਾਜ਼ਾਰਾਂ ਵਿੱਚ ਮਲਬਾ ਜਮ੍ਹਾਂ ਹੋ ਗਿਆ। ਸਾਗਵਾੜਾ ਅਤੇ ਚੇਪੜੋ ਬਾਜ਼ਾਰ ਇਲਾਕੇ ਵਿੱਚ ਹੜ੍ਹ ਕਾਰਨ 20 ਸਾਲਾਂ ਦੀ ਕਵਿਤਾ ਸਣੇ ਦੋ ਜਣੇ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਬਾਅਦ ’ਚ ਕਿਹਾ ਕਿ ਔਰਤ ਦੀ ਮੌਤ ਹੋ ਗਈ ਹੈ, ਜਦਕਿ ਵਿਅਕਤੀ ਅਜੇ ਵੀ ਲਾਪਤਾ ਹੈ।
ਜਸਵਿੰਦਰ ਭੱਲਾ ਸਪੁਰਦ-ਏ-ਆਤਿਸ਼
ਮੁਹਾਲੀ : ਮਸ਼ਹੂਰ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਸਨਿੱਚਰਵਾਰ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾ ਦੇ ਪੁੱਤਰ ਪੁਖਰਾਜ ਭੱਲਾ ਨੇ ਚਿਖਾ ਨੂੰ ਅਗਨੀ ਵਿਖਾਈ। ਉਨ੍ਹਾ ਨੂੰ ਅੰਤਮ ਵਿਦਾਈ ਦੇਣ ਲਈ ਕਈ ਨੇਤਾਵਾਂ ਸਣੇ ਕਾਫੀ ਕਲਾਕਾਰਾਂ ਨੇ ਹਾਜ਼ਰੀ ਭਰੀ।
ਸਰਜੀਓ ਗੋਰ ਭਾਰਤ ’ਚ ਨਵੇਂ ਅਮਰੀਕੀ ਰਾਜਦੂਤ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਨੇੜਲੇ ਸਾਥੀ ਸਰਜੀਓ ਗੋਰ ਨੁੂੰ ਭਾਰਤ ’ਚ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਉਹ ਇਸ ਸਮੇਂ ‘ਵ੍ਹਾਈਟ ਹਾਊਸ ਪ੍ਰੈਜ਼ੀਡੈਂਸ਼ੀਅਲ ਪਰਸੋਨਲ ਆਫਿਸ’ ਦੇ ਡਾਇਰੈਕਟਰ ਹਨ। ਟਰੰਪ ਨੇ ਕਿਹਾ ਕਿ ਸਰਜੀਓ ਗੋਰ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਵਜੋਂ ਵੀ ਕੰਮ ਕਰਨਗੇ। ਇਸ ਤੋਂ ਪਹਿਲਾਂ ਐਰਿਕ ਗਾਰਸੇਟੀ ਮਈ 2023 ਤੋਂ ਜਨਵਰੀ 2025 ਤੱਕ ਭਾਰਤ ਵਿੱਚ ਅਮਰੀਕੀ ਰਾਜਦੂਤ ਸਨ। ਉਸ ਤੋਂ ਬਾਅਦ ਕੋਈ ਰਾਜਦੂਤ ਨਹੀਂ ਬਣਾਇਆ ਗਿਆ ਸੀ।