ਜੋਗਾ : ਮੋਦੀ ਸਰਕਾਰ ਵੋਟ ਚੋਰੀ ਕਰ ਰਹੀ ਹੈ ਅਤੇ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਕੇ ਦੇਸ਼ ਨੂੰ ਤੋੜ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੀ ਪੀ ਆਈ ਦੇ 100 ਸਾਲਾ ਸ਼ਾਨਾਮੱਤੇ ਇਤਿਹਾਸ ਤੇ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੇ ਮਹਾਂ-ਸੰਮੇਲਨ ਦੀ ਤਿਆਰੀ ਤੇ ਪ੍ਰਚਾਰ ਲਈ ਸ਼ਹੀਦ ਊਧਮ ਸਿੰਘ ਵਾਲਾ/ ਸੁਨਾਮ ਤੋਂ ਰਵਾਨਾ ਜਥੇ ਦੇ ਇਤਿਹਾਸਕ ਨਗਰ ਜੋਗਾ ਵਿਖੇ ਪੁੱਜਣ ’ਤੇ ਜਨਤਕ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾ ਪਾਰਟੀ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ, ਜਗੀਰਦਾਰੀ ਪ੍ਰਬੰਧ, ਰਜਵਾੜਿਆਂ ਦੇ ਭੱਤੇ ਖਤਮ ਕਰਾਉਣ, ਬੈਂਕਾਂ ਦਾ ਕੌਮੀਕਰਨ ਕਰਾ ਕੇ ਦੇਸ਼ ਦੇ ਲੋਕਾਂ ਨੂੰ ਖੇਤੀ, ਵਪਾਰ, ਰੁਜ਼ਗਾਰ ਵਿੱਚ ਵਾਧਾ ਆਦਿ ਅਨੇਕਾਂ ਸਹੂਲਤਾਂ ਦਿਵਾਉਣ ਦਾ ਸਿਹਰਾ ਕਮਿਊਨਿਸਟਾਂ ਨੂੰ ਜਾਂਦਾ ਹੈ।
ਅਰਸ਼ੀ ਨੇ ਸਰਮਾਏਦਾਰੀ ਸਿਸਟਮ ਤੇ ਫਾਸ਼ੀਵਾਦੀ ਤਾਕਤਾਂ ਖਿਲਾਫ਼ ਡਟਣ ਦਾ ਸੱਦਾ ਦਿੰਦਿਆਂ ਇਹਨਾਂ ਦੀ ਜਕੜ ’ਚੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਤੇ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਵਾਲੀ ਧਿਰ ਦੀ ਹਮਾਇਤ ਦੀ ਅਪੀਲ ਕੀਤੀ।
ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉਡਤ ਨੇ ਕਿਹਾ ਕਿ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਦੇ ਸੰਘਰਸ਼ਮਈ ਇਤਿਹਾਸ ਨਾਲ ਨੌਜਵਾਨ ਵਰਗ ਨੂੰ ਜੋੜਣਾ ਸਮੇਂ ਦੀ ਲੋੜ ਹੈ, ਤਾਂ ਜੋ ਅਖੌਤੀ ਇਨਕਲਾਬ ਦਾ ਨਾਹਰਾ ਦੇਣ ਵਾਲੀਆਂ ਤਾਕਤਾਂ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਜਾ ਸਕੇ।ਜਥਾ ਸੀਤਾਰਾਮ ਗੋਬਿੰਦਪੁਰਾ ਤੇ ਨਰਿੰਜਨ ਸਿੰਘ ਸੰਗਰੂਰ ਦੀ ਅਗਵਾਈ ’ਚ ਚੱਲ ਰਿਹਾ ਹੈ।
ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਜੋਗਾ ਨੇ ਜਿੱਥੇ ਜਥੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਥੇ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ 21 ਸਤੰਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਰਾਜ ਸਿੰਘ ਜੋਗਾ, ਜਥੇਦਾਰ ਮਲਕੀਤ ਸਿੰਘ ਜੋਗਾ, ਗੁਰਮੇਲ ਕੌਰ ਐੱਮ ਸੀ, ਸੱਤਪਾਲ ਬੱਗਾ ਐੱਮ ਸੀ ਆਦਿ ਨਗਰ ਨਿਵਾਸੀ ਸ਼ਾਮਲ ਸਨ।





