ਮੁਕਤਸਰ (ਸ਼ਮਿੰਦਰਪਾਲ, ਪੂਜਾ)-ਮੋਦੀ ਸਰਕਾਰ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਕਿਸਾਨਾਂ, ਜਵਾਨਾਂ, ਮਜ਼ਦੂਰਾਂ ਤੇ ਤੰਗੀਆਂ ਵਿੱਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾ ਰਹੀ ਹੈ। ਭਾਜਪਾ ਸਰਕਾਰ ਲੋਕਾਂ ਨੂੰ ਵਿੱਦਿਆ, ਇਲਾਜ, ਰੁਜ਼ਗਾਰ ਦੇਣ ਦੀ ਥਾਂ ਫਿਰਕੂ ਨਫ਼ਰਤ ਫੈਲਾਅ ਰਹੀ ਹੈ।ਭਾਜਪਾ ਹਿੰਦੂ ਰਾਸ਼ਟਰ ਦੇ ਨਾਂਅ ਉੱਤੇ ਦੇਸ਼ ਦੇ ਬਹੁਗਿਣਤੀ ਵੋਟਰਾਂ ਨੂੰ ਗੁੰਮਰਾਹ ਕਰਕੇ ਅਸਲ ਵਿੱਚ ਕਾਰਪੋਰੇਟ ਰਾਸ਼ਟਰ ਬਣਾ ਰਹੀ ਹੈ। ਇਹ ਅੱਜ ਸਾਫ ਅਤੇ ਸਪੱਸ਼ਟ ਹੋ ਰਿਹਾ ਕਿ ਇੱਕ ਪਾਸੇ ਬਹੁਗਿਣਤੀ ਵੋਟਰ ਚਾਹੇ ਉਹ ਹਿੰਦੂ ਹੋਣ, ਮੁਸਲਿਮ ਜਾਂ ਸਿੱਖ, ਚਾਹੇ ਉਹ ਬੰਗਾਲੀ ਹੋਣ ਜਾਂ ਬਿਹਾਰੀ, ਚਾਹੇ ਉਹ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਵੱਸਦੇ ਹੋਣ, ਉਹ ਥੁੜ੍ਹਾਂ ਮਾਰੇ, ਬੇਰੁਜ਼ਗਾਰ, ਬੇਇਲਾਜ ਅਤੇ ਤੰਗੀਆਂ-ਤੁਰਸ਼ੀਆਂ ਵਿੱਚ ਘਿਰ ਰਹੇ ਹਨ, ਦੂਜੇ ਪਾਸੇ ਮੁੱਠੀਭਰ ਲੁਟੇਰੇ ਘਰਾਣੇ ਦੇਸ਼ ਨੂੰ ਲੁਟ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 21 ਅਗਸਤ ਹੁਸੈਨੀਵਾਲਾ ਤੋਂ 27 ਅਗਸਤ ਸਰਾਭਾ ਤੱਕ ਚੱਲੇ ਜਥੇ ਦੇ ਮੁਕਤਸਰ ਸਾਹਿਬ ਦੇ ਪਿੰਡ ਸ਼ੇਰਾਂਵਾਲੀ, ਕੋਟਭਾਈ, ਲੰਬੀ, ਛੱਤੇਆਣਾ, ਸੁਖਣਾ, ਦੋਦਾ ਆਦਿ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਅਤੇ ਸੁਖਜਿੰਦਰ ਮਹੇਸਰੀ ਨੇ ਕੀਤਾ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਦੂਹੇਵਾਲਾ, ਹੀਰਾ ਸਿੰਘ, ਵਿਦਿਆਰਥੀ/ ਨੌਜਵਾਨ ਆਗੂ ਰਮਨ ਧਰਮੂਵਾਲਾ ਤੇ ਜਸਪ੍ਰੀਤ ਕੌਰ ਬੱਧਨੀ ਨੇ ਕਿਹਾ ਕਿ ਮਜ਼ਦੂਰਾਂ ਲਈ ਕੰਮ, ਕਿਸਾਨੀ ਲਈ ਐੱਮ ਐੱਸ ਪੀ ਅਤੇ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦਾ ਕਾਨੂੰਨ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਬਣਨਾ ਚਾਹੀਦਾ ਹੈ, ਕਮਿਊਨਿਸਟ ਪਾਰਟੀ ਇਸ ਦੇ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦੇ ਰਹੀ ਹੈ। ਆਗੂਆਂ ਕਿਹਾ ਕਿ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਿਹਾ ਹੈ, ਜਿਸ ਵਿੱਚ ਪਾਰਟੀ ਦੇ ਸਾਰੇ ਸੂਬਿਆਂ ਵਿੱਚੋਂ ਇੱਕ ਹਜ਼ਾਰ ਚੋਣਵੇਂ ਡੈਲੀਗੇਟ ਹਿੱਸਾ ਲੈਣਗੇ। ਸਮਾਗਮ ਦੇ ਪਹਿਲੇ ਦਿਨ 21 ਸਤੰਬਰ ਨੂੰ ਹੋ ਰਹੀ ਵਿਸ਼ਾਲ ਰੈਲੀ ਵਿੱਚ ਵੱਧ ਤੋਂ ਵੱਧ ਲੋਕ ਪਹੁੰਚਣ। ਜੱਥਾ ਮਾਰਚ ਦੌਰਾਨ ਗੁਰਮੇਲ ਸਿੰਘ ਦੋਦਾ, ਚਰਨਜੀਤ ਸਿੰਘ ਵਣਵਾਲਾ, ਸੁਖਪਾਲ ਸਿੰਘ ਲੰਬੀ ਤੇ ਬੋਹੜ ਸਿੰਘ ਸੁਖਣਾ ਨੇ ਕਿਹਾ ਕਿ ਪਾਰਟੀ ਦਾ ਆਪਣੇ ਸੌ ਸਾਲਾ ਇਤਿਹਾਸ ਵਿੱਚ ਲੋਕ ਘੋਲਾਂ ਦਾ ਸ਼ਾਨਦਾਰ ਇਤਿਹਾਸ ਹੈ। ਪਾਰਟੀ ਨੇ ਆਪਣੇ ਇਤਿਹਾਸ ਵਿੱਚ ਵੀ ਅਤੇ ਆਉਣ ਵਾਲੇ ਭਵਿੱਖ ਵਿੱਚ ਵੀ ਲੋਕ ਹੱਕਾਂ ਦੀ ਡਟ ਕੇ ਲੜਾਈ ਲੜਨੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਬਾ ਸਿੰਘ ਵਾੜਾ ਚੈਨ ਸਿੰਘ, ਹਰਬਿੰਦਰ ਸਿੰਘ, ਬਲਵਿੰਦਰ ਸਿੰਘ ਖੁੰਨਣ, ਸੁਰਜੀਤ ਸਿੰਘ ਛੱਤੇਆਣਾ, ਮੋਹਰ ਸਿੰਘ ਸੁਖਣਾ, ਰੇਸ਼ਮ ਸਿੰਘ ਕੋਟਭਾਈ ਤੇ ਗੁਰਬਚਨ ਸਿੰਘ ਛੱਤੇਆਣਾ ਆਦਿ ਹਾਜ਼ਰ ਸਨ।





