ਚੇਤਨਪੁਰਾ (ਸੁਖਵੰਤ ਚੇਤਨਪੁਰੀ)
ਕੌਮੀ ਮਹਾਂ-ਸੰਮੇਲਨ ਦੇ ਪ੍ਰਚਾਰ ਲਈ ਸ਼ਨੀਵਾਰ ਇੱਕ ਜਥਾ ਪਾਰਟੀ ਦੇ ਬਾਨੀ ਕਾਮਰੇਡ ਸੋਹਨ ਸਿੰਘ ਜੋਸ਼ ਦੇ ਪਿੰਡ ਚੇਤਨਪੁਰਾ ਤੋਂ ਉਹਨਾ ਦੀ ਯਾਦਗਾਰ ’ਤੇ ਸਿਜਦਾ ਕਰਕੇ ਰਵਾਨਾ ਹੋਇਆ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਮਨਾਏ ਜਾਣ ਵਾਲੇ ਸਥਾਪਨਾ ਦਿਵਸ ਦੀ ਸ਼ੁਰੂਆਤ ਮੌਕੇ 21 ਸਤੰਬਰ ਨੂੰ ਮੁਹਾਲੀ ਵਿਖੇ ਪਾਰਟੀ ਵੱਲੋਂ ਇੱਕ ਬਹੁਤ ਵੱਡਾ ਇਕੱਠ ਕੀਤਾ ਜਾਣਾ ਹੈ। ਉਹਨਾ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣਾ ਚਾਹੀਦਾ ਹੈ। ਉਹਨਾ ਕਿਹਾ ਕਿ ਸੀ ਪੀ ਆਈ ਮਾਂ ਪਾਰਟੀ ਹੈ। ਦੂਜੀਆਂ ਖੱਬੀਆਂ ਧਿਰਾਂ ਬਾਲੇ ਗੱਲ ਕਰਦਿਆਂ ਉਹਨਾ ਕਿਹਾ ਕਿ ਪਾਰਟੀ ਨੇ ਕਦੀ ਵੀ ਉਹਨਾ ਨੂੰ ਵੱਖ ਹੋਣ ਲਈ ਨਹੀਂ ਸੀ ਕਿਹਾ। ਉਹਨਾ ਕਿਹਾ ਕਿ ਭਾਜਪਾ ਨੂੰ ਭਾਂਜ ਦੇਣ ਵਾਸਤੇ ਸਾਰੀਆਂ ਖੱਬੀਆਂ ਪਾਰਟੀਆਂ ਦਾ ਨਿਸ਼ਾਨਾ ਇੱਕ ਹੋਣਾ ਚਾਹੀਦਾ ਹੈ। ਰਾਜ ਸੱਤਾ ’ਤੇ ਕਾਬਜ਼ ਰਹਿਣ ਲਈ ਮੋਦੀ ਸਰਕਾਰ ਅਜਿਹੇ ਭੈੜੇ ਮਨਸੂਬੇ ਅਪਣਾ ਰਹੀ ਹੈ, ਜਿਸ ਦਾ ਪਤਾ ਬਿਹਾਰ ਵਿੱਚ ਵੱਡੀ ਗਿਣਤੀ ਵਿੱਚ ਕੱਟੀਆਂ ਗਈਆਂ ਵੋਟਾਂ ਤੋਂ ਲੱਗਦਾ ਹੈ। ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰਾ, ਜੋਸ਼ ਜੀ ਦੇ ਪੋਤਰੇ ਡਾਕਟਰ ਪਰਮਜੀਤ ਸਿੰਘ ਜੋਸ਼, ਬਲਵਿੰਦਰ ਸਿੰਘ ਦੁਧਾਲਾ, ਨਰਿੰਦਰ ਸਿੰਘ ਬੱਲ, ਬਲਕਾਰ ਸਿੰਘ ਦੁਧਾਲਾ, ਟਹਿਲ ਸਿੰਘ ਚੇਤਨਪੁਰਾ, ਮਹਾਂਬੀਰ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਬਿੱਟੂ, ਕੁਲਵੰਤ ਸਿੰਘ ਚੇਤਨਪੁਰਾ, ਜੋਗਾ ਸਿੰਘ ਸੰਤੂ ਨੰਗਲ, ਸਤਪਾਲ ਸਿੰਘ ਫੌਜੀ, ਬਲਜਿੰਦਰ ਸਿੰਘ, ਅਮਰਜੀਤ ਸਿੰਘ ਗਿੱਲ ਅਤੇ ਸਰਬਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਸ਼ਾਮਲ ਸਨ।





