ਅੰਮਿ੍ਰਤਸਰ : ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ਼ਨੀਵਾਰ ਅੰਮਿ੍ਰਤਸਰ ਵਿਖੇ ‘ਲੋਕ ਚੇਤਨਾ ਜਥਾ ਮਾਰਚ’ ਕੀਤਾ ਗਿਆ। ਜਥੇ ਮਾਰਚ ਦੀ ਅਗਵਾਈ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰਾ ਅਤੇ ਵਿਜੇ ਕੁਮਾਰ ਆਦਿ ਨੇ ਕੀਤੀ। ਬਟਾਲਾ ਰੋਡ, ਛੇਹਰਟਾ, ਪੁਤਲੀਘਰ ਦੇ ਦਫਤਰਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਬਜਾਰਾਂ ਵਿੱਚ ਮਾਰਚ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬੰਤ ਸਿੰਘ ਬਰਾੜ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ ਜੋ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਿਹਾ ਹੈ। ਸੰਮੇਲਨ ਦੇ ਪਹਿਲੇ ਦਿਨ 21 ਸਤੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਰੈਲੀ ਨੂੰ ਕਮਿਊਨਿਸਟ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ। ਇਸ ਮਹਾਂ-ਸੰਮੇਲਨ ਅਤੇ ਰੈਲੀ ਦੀ ਤਿਆਰੀ ਕਮਿਊਨਿਸਟ ਪਾਰਟੀ ਦੇ ਆਗੂ ਅਤੇ ਮੈਂਬਰ ਸਾਰੇ ਪੰਜਾਬ ਵਿੱਚ ਬੜੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਰੈਲੀ ਵਿੱਚ ਪੰਜਾਬ ਦੇ ਲੋਕਾਂ ਦੇ ਭਖਦੇ ਮਸਲਿਆਂ ਉਪਰ ਚਰਚਾ ਕੀਤੀ ਜਾਵੇਗੀ। ਉਹਨਾ ਕਿਹਾ ਕਿ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਵਿੱਚ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਮਸਲਿਆਂ ਉਪਰ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹਨ। ਇਹਨਾਂ ਨੀਤੀਆਂ ਨਾਲ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧ ਰਹੇ ਹਨ ਅਤੇ ਆਮ ਜਨਤਾ ਦੀ ਆਮਦਨ ਘਟ ਰਹੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਲੋਕਾਂ ਦਾ ਧਿਆਨ ਮੋੜਨ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਦੰਗੇ ਫਸਾਦਾਂ ਦਾ ਰਾਹ ਅਪਣਾਇਆ ਜਾ ਰਿਹਾ ਹੈ। ਉਹਨਾ ਜ਼ੋਰ ਦੇ ਕਿਹਾ ਕਿ ਇਹ ਮਹਾਂ-ਸੰਮੇਲਨ ਦੇਸ਼ ਦੇ ਲੋਕਾਂ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਰਾਖੀ ਲਈ ਵਚਨਬੱਧ ਹੋਵੇਗਾ। ਦੇਸ਼ ਦੀ ਜਨਤਾ ਦੀ ਭਾਈਚਾਰਕ ਏਕਤਾ ਦੇ ਸੰਦੇਸ਼ ਨਾਲ ਅਤੇ ਲੋਕਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਲੋਕ ਸੰਘਰਸ਼ਾਂ ਨੂੰ ਤੇਜ਼ ਕਰਨ ਦੇ ਅਹਿਦ ਨਾਲ ਇਹ ਮਹਾਂ-ਸੰਮੇਲਨ ਸਮਾਪਤ ਹੋਵੇਗਾ। ਇਸ ਮੌਕੇ ਉਪਰ ਕੁਲਵੰਤ ਰਾਏ ਬਾਵਾ, ਬਲਦੇਵ ਸਿੰਘ ਵੇਰਕਾ, ਰਾਜੇਸ਼ ਕੁਮਾਰ, ਬ੍ਰਹਮਦੇਵ ਸ਼ਰਮਾ ਤੇ ਗੁਰਨਾਮ ਕੌਰ ਆਦਿ ਹਾਜ਼ਰ ਸਨ।





