ਜਲੰਧਰ (ਗਿਆਨ ਸੈਦਪੁਰੀ, ਰਾਜੇਸ਼ ਥਾਪਾ)
ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਨੂੰ ਸਮਰਪਿਤ ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਸੈਮੀਨਾਰ ਸਥਾਨਕ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿੱਚ ਕਰਵਾਇਆ ਗਿਆ।ਐਡਵੋਕੇਟ ਰਜਿੰਦਰ ਸਿੰਘ ਮੰਡ ਦੀ ਦੇਖਰੇਖ ਵਿੱਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਟਰੱਸਟ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਵੱਡੇ ਵਿਦਵਾਨ, ਲੇਖਕ ਅਤੇ ਪੱਤਰਕਾਰਾਂ ਵੱਲੋਂ ਜਿੱਥੇ ਕਾਮਰੇਡ ਜਗਜੀਤ ਸਿੰਘ ਆਨੰਦ, ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਬਾਰੇ ਗੱਲਾਂ ਹੋਈਆਂ, ਉੱਥੇ ਭਾਰਤ ਵਿੱਚ ਜਮਹੂਰੀਅਤ ਨੂੰ ਬਚਾਉਣ ਲਈ ਕਮਿਊਨਿਸਟਾਂ, ਬੁੱਧੀਜੀਵੀਆਂ, ਜਮਹੂਰੀਅਤਪਸੰਦ ਲੋਕਾਂ ਤੇ ਹੋਰ ਭਾਜਪਾ ਵਿਰੋਧੀ ਪਾਰਟੀਆਂ ਦਾ ਇੱਕ ਫਰੰਟ ਉਸਾਰਨ ਲਈ ਸੰਜੀਦਗੀ ਨਾਲ ਸੱਦਾ ਦਿੱਤਾ ਗਿਆ।
ਪਿ੍ਰੰਸੀਪਲ ਜਸਪਾਲ ਸਿੰਘ ਰੰਧਾਵਾ, ਸਤਨਾਮ ਸਿੰਘ ਮਾਣਕ ਅਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ’ਤੇ ਅਧਾਰਤ ਪ੍ਰਧਾਨਗੀ ਮੰਡਲ ਵਾਲੇ ਸੈਮੀਨਾਰ ਦੇ ਸ਼ੁਰੂ ਵਿੱਚ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਸੈਮੀਨਾਰ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸੰਖੇਪ, ਪਰ ਭਾਵਪੂਰਤ ਸ਼ਬਦਾਂ ਵਿੱਚ ਸਵਾਗਤ ਕੀਤਾ।
ਸਮਾਗਮ ਨੂੰ ਅੱਗੇ ਤੋਰਦਿਆਂ ਉੱਘੇ ਲੇਖਕ ਹਰਵਿੰਦਰ ਭੰਡਾਲ ਨੇ ‘ਵਰਤਮਾਨ ਹਾਲਾਤ ਵਿੱਚ ਪ੍ਰਗਤੀਸ਼ੀਲ ਪੱਤਰਕਾਰੀ ਦੀ ਭੂਮਿਕਾ’ ਵਿਸ਼ੇ ’ਤੇ ਤਕਰੀਰ ਕੀਤੀ। ਉਨ੍ਹਾ ਵਿਸ਼ੇ ਸੰਬੰਧੀ ਗੱਲਬਾਤ ਤੋਂ ਪਹਿਲਾਂ ਕਿਹਾ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਹ ਸਮਾਗਮ ਕਾਮਰੇਡ ਜਗਜੀਤ ਸਿੰਘ ਆਨੰਦ ਤੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਯਾਦ ਵਿੱਚ ਹੋ ਰਿਹਾ ਹੈ। ਅਨੰਦ ਹੁਰਾਂ ਦਾ ਪੱਤਰਕਾਰੀ ਖੇਤਰ ਵਿੱਚ ਵੱਡਾ ਨਾਂਅ ਹੈ। ‘ਨਵਾਂ ਜ਼ਮਾਨਾ’ ਨੂੰ ਆਪਣੇ ਪੈਰੀਂ ਚੱਲਦਾ ਰੱਖਣ ਲਈ ਐਡਵੋਕੇਟ ਸ਼ੁਗਲੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਹਨਾ ਕਿਹਾ ਉਹ (ਭੰਡਾਲ) ਵੀ ‘ਨਵਾਂ ਜ਼ਮਾਨਾ’ ਦਾ ਹੀ ਹਿੱਸਾ ਰਹੇ ਹਨ। ਵਿਸ਼ੇ ਸੰਬੰਧੀ ਗੱਲ ਕਰਦਿਆਂ ਭੰਡਾਲ ਨੇ ਕਿਹਾ ਕਿ ਵਰਤਮਾਨ ਹਾਲਾਤ ਬੜੀ ਹੀ ਉਤੇਜਿਤ ਸਥਿਤੀ ਵਿੱਚ ਹਨ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਛੱਡਣਾ ਸੀ, ਉਨ੍ਹਾਂ ਨੂੰ ਨਵੇਂ ਸਿਰੇ ਤੋਂ ਉਭਾਰਿਆ ਜਾ ਰਿਹਾ ਹੈ ਤੇ ਉਹ ਵੀ ਕਾਨੂੰਨਾਂ ਰਾਹੀਂ। ਉਨ੍ਹਾ ਕਿਹਾ ਕਿ ਅਜਿਹੀਆਂ ਹਾਲਤਾਂ ਵਿੱਚ ਚਿੰਤਨਸ਼ੀਲ ਲੋਕਾਂ ਦਾ ਚਿੰਤਤ ਹੋਣਾ ਕੁਦਰਤੀ ਹੈ।ਫਾਸ਼ੀਵਾਦ ਦੀ ਗੱਲ ਕਰਦਿਆਂ ਭੰਡਾਲ ਨੇ ਕਿਹਾ ਕਿ ਇਸ ਦਾ ਮੁਕਾਬਲਾ ਕਰਨ ਲਈ ਸਾਨੂੰ ਬੇਕਿਰਕ ਹੋ ਕੇ ਇਤਿਹਾਸ ਦਾ ਮੁਲਾਂਕਣ ਕਰਨਾ ਹੋਵੇਗਾ। ਅਜਿਹਾ ਕਰਨ ਲੱਗਿਆਂ ਸਾਨੂੰ ‘ਭਗਤ ਪ੍ਰਵਿਰਤੀ’ ਵਾਲਾ ਵਤੀਰਾ ਤਿਆਗਣਾ ਪਵੇਗਾ।ਫਾਸ਼ੀਵਾਦ ਵਿਰੁੱਧ ਲੜਾਈ ਦੇ ਸੰਦਰਭ ਵਿੱਚ ਭੰਡਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਸ ਵਿਰੁੱਧ ਵਧੇਰੇ ਕਰਕੇ ਕਮਿਊਨਿਸਟ ਹੀ ਲੜੇ ਹਨ।
ਉੱਘੇ ਵਿਦਵਾਨ ਜਸ ਮੰਡ ਨੇ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਗੱਲ ਕਰਦਿਆਂ ਕਿਹਾ ਕਿ ਉਹ (ਮੰਡ) ਜਿੰਨੇ ਆਨੰਦ ਸਾਹਿਬ ਦੇ ਨੇੜੇ ਹੁੰਦੇ ਗਏ, ਓਨੇ ਹੀ ਉਹ (ਆਨੰਦ) ਵੱਡੇ ਹੁੰਦੇ ਮਹਿਸੂਸ ਹੁੰਦੇ ਰਹੇ। ਪੱਤਰਕਾਰੀ ਬਾਰੇ ਗੱਲ ਕਰਦਿਆਂ ਮੰਡ ਨੇ ਕਿਹਾ ਕਿ ਪਿਛਲੇ ਦਹਾਕਿਆਂ ਤੋਂ ਪੱਤਰਕਾਰੀ, ਸਿਆਸਤ ਅਤੇ ਵੱਡੇ ਵਪਾਰੀ ਘਰਾਣਿਆਂ ਦਾ ‘ਗੱਠਜੋੜ’ ਪੱਤਰਕਾਰੀ ਲਈ ਨੁਕਸਾਨਦੇਹ ਸਾਬਿਤ ਹੋਇਆ ਹੈ। ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਅਨੰਦ ਹੁਰਾਂ ਨੂੰ ਸਤਿਕਾਰ ਨਾਲ ਯਾਦ ਕਰਦਿਆਂ ਕਿਹਾ ਕਿ ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਉਦੋਂ ਤੋਂ ਹੀ ‘ਨਵਾਂ ਜ਼ਮਾਨਾ’, ‘ਪ੍ਰੀਤ ਲੜੀ’ ਤੇ ‘ਸੋਵੀਅਤ ਲੈਂਡ’ ਸਾਡੀ ਦੁਨੀਆ ਹੁੰਦੀ ਸੀ। ਮਾਣਕ ਹੁਰਾਂ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਮਹੂਰੀਅਤ ਨੂੰ ਬਚਾਉਣ ਲਈ ਸਾਂਝਾ ਮੰਚ ਜ਼ਰੂਰੀ ਹੈ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਪ੍ਰਗਤੀਸ਼ੀਲ ਪੱਤਰਕਾਰੀ ਦੀ ਪਰਿਭਾਸ਼ਾ ਨੂੰ ਵਿਸਥਾਰਨ ਦੀ ਲੋੜ ਹੈ। ਉੱਘੇ ਚਿੰਤਕ ਸਤਨਾਮ ਚਾਨਾ ਨੇ ਫਰਾਂਸ ਦੇ ਉੱਘੇ ਫਿਲਾਸਫਰ ਦੇ ਹਵਾਲੇ ਨਾਲ ਅਜੋਕੇ ਹਾਕਮਾਂ ਦੇ ਲੋਕ ਵਿਰੋਧੀ ਕਿਰਦਾਰ ਦਾ ਜ਼ਿਕਰ ਕੀਤਾ। ਸਵਰਨ ਸਿੰਘ ਟਹਿਣਾ ਨੇ ਸੈਮੀਨਾਰ ਕਰਵਾਉਣ ਲਈ ਐਡਵੋਕੇਟ ਰਜਿੰਦਰ ਮੰਡ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਉਹਨਾ ‘ਮੋਬਾਇਲ ਪੱਤਰਕਾਰੀ’ ਦੇ ਵਰਤਾਰੇ ਉੱਤੇ ਵਿਅੰਗ ਵੀ ਕੱਸੇ।
ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਆਨੰਦ ਤੇ ਸ਼ੁਗਲੀ ਬਾਰੇ ਗੱਲ ਕਰਨ ਤੋਂ ਇਲਾਵਾ ਸੀ ਪੀ ਆਈ ਦੀ 25ਵੀਂ ਪਾਰਟੀ ਕਾਂਗਰਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਕਾਮਰੇਡ ਨਰਿੰਦਰ ਸੋਹਲ ਨੇ ਕਾਮਰੇਡ ਜਗਜੀਤ ਸਿੰਘ ਆਨੰਦ, ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਅਤੇ ‘ਨਵਾਂ ਜ਼ਮਾਨਾ’ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ। ‘ਆਪਣੀ ਮਿੱਟੀ’ ਦੇ ਸੰਪਦਾਕ ਅਜੈ ਯਾਦਵ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਦੇ ਸੰਗਰਾਮੀ ਸੁਨੇਹੇ ਪੜ੍ਹ ਕੇ ਸੁਣਾਏ ਗਏ। ਡਾ. ਕਮਲੇਸ਼ ਦੁੱਗਲ ਨੇ ਸਭ ਦਾ ਧੰਨਵਾਦ ਕੀਤਾ।ਸਾਥੀ ਬੀਰ ਰਹੀਮਪੁਰ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ।





