ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ 11 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੇ ਫੈਸਲੇ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਇੱਕ ਮੁਹਿੰਮ ਅਧੀਨ ਕੰਮ ਕਰ ਰਹੀ ਹੈ, ਜਿਸ ਤਹਿਤ ਪਹਿਲਾਂ ਵੋਟ ਚੋਰੀ ਕੀਤੀ ਅਤੇ ਫਿਰ ਡਾਟਾ ਚੋਰੀ ਕਰ ਰਹੀ ਹੈ। ਇਸੇ ਤਰ੍ਹਾਂ ਹੁਣ ਰਾਸ਼ਨ ਚੋਰੀ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਸਨਿੱਚਰਵਾਰ ਇਸ ਮਾਮਲੇ ’ਤੇ ਪ੍ਰੈੱਸ ਕਾਨਫਰੰਸ ਚ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਘਰ ਦਾ ਚੁੱਲ੍ਹਾ ਠੰਢਾ ਨਹੀਂ ਹੋਣ ਦੇਣਗੇ। ਮਾਨ ਨੇ ਕਿਹਾ, ‘ਪੰਜਾਬ ਦੀ ਕਣਕ ਹੈ ਅਤੇ ਪੰਜਾਬ ਹੀ ਸੈਂਟਰਲ ਪੂਲ ’ਚ ਕਣਕ ਦਿੰਦਾ ਹੈ, ਪਰ ਕੇਂਦਰ ਏਦਾਂ ਦਾ ਫੈਸਲਾ ਕਿਵੇਂ ਕਰ ਸਕਦਾ ਹੈ। ਅਸੀਂ ਇਸ ਬਾਰੇ ਕੇਂਦਰ ਨੂੰ ਪੱਤਰ ਵੀ ਲਿਖ ਰਹੇ ਹਾਂ। ਕੇਂਦਰ ਤੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ 6 ਮਹੀਨੇ ਦਾ ਟਾਈਮ ਮੰਗਿਆ ਗਿਆ ਹੈ।’
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ’ਚ ਕੈਂਪ ਲਾ ਕੇ ਡਾਟਾ ਚੋਰੀ ਕਰ ਰਹੀ ਹੈ ਅਤੇ ਇਹ ਲੋਕਾਂ ਦੀ ਨਿੱਜਤਾ ਦਾ ਮਾਮਲਾ ਹੈ। ਉਹ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਪੈਮਾਨੇ ਹੀ ਠੀਕ ਨਹੀਂ । ਉਨ੍ਹਾ ਮਿਸਾਲ ਦਿੱਤੀ ਕਿ ਪਹਿਲਾਂ ਕੇਂਦਰ ਉਜਵਲਾ ਸਕੀਮ ਵਿਚ ਗੈਸ ਚੁੱਲ੍ਹਾ ਦਿੰਦਾ ਹੈ ਅਤੇ ਬਾਅਦ ’ਚ ਕਹਿੰਦਾ ਹੈ ਕਿ ਗੈਸ ਚੁੱਲ੍ਹੇ ਵਾਲੇ ਪਰਵਾਰ ਆਵਾਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।




