ਹੈਦਰਾਬਾਦ : ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਸਾਂਸਦ ਸੁਰਵਰਮ ਸੁਧਾਕਰ ਰੈੱਡੀ (83) ਦਾ ਸ਼ੁੱਕਰਵਾਰ ਦੇਹਾਂਤ ਹੋ ਗਿਆ। ਖੱਬੇ-ਪੱਖੀ ਸਿਆਸਤ ਦੀ ਕੱਦਾਵਰ ਹਸਤੀ ਕਾਮਰੇਡ ਰੈਡੀ ਦਾ ਇੱਥੇ ਇੱਕ ਨਿੱਜੀ ਹਸਪਤਾਲ ’ਚ ਉਮਰ ਸੰਬੰਧੀ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾ ਦੇ ਦੇਹਾਂਤ ’ਤੇ ਸੀ ਪੀ ਆਈ ਨੇ ਆਪਣੇ ਦਫਤਰਾਂ ’ਤੇ ਝੰਡੇ ਝੁਕਾ ਦਿੱਤੇ। ਤਿਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਕੋਂਡਰਾਵਪੱਲੀ ਪਿੰਡ ਵਿੱਚ 25 ਮਾਰਚ 1942 ਨੂੰ ਪੈਦਾ ਹੋਏ ਕਾਮਰੇਡ ਰੈਡੀ ਦਾ ਸਿਆਸੀ ਸਫਰ ਕਾਫੀ ਲੰਮਾ ਰਿਹਾ। ਉਨ੍ਹਾ ਸਿਰਫ 15 ਸਾਲ ਦੀ ਉਮਰ ਵਿੱਚ ਕੁਰਨੂਲ ਦੇ ਸਕੂਲਾਂ ’ਚ ਬੁਨਿਆਦੀ ਸਹੂਲਤਾਂ ਲਈ ਅੰਦੋਲਨ ਦੀ ਅਗਵਾਈ ਕੀਤੀ। ਉਨ੍ਹਾ ਹੈਦਾਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਤੋਂ ਐੱਲ ਐੱਲ ਬੀ ਦੀ ਡਿਗਰੀ ਹਾਸਲ ਕੀਤੀ। ਉਹ 1970 ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਚੁਣੇ ਗਏ। ਇਸ ਦੇ ਬਾਅਦ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਪ੍ਰਧਾਨ ਬਣੇ। ਉਨ੍ਹਾ 1998-1999 ਤੇ 2004-2009 ਵਿੱਚ ਨਲਗੋਂਡਾ ਹਲਕੇ ਦੀ ਲੋਕ ਸਭਾ ’ਚ ਨੁਮਾਇੰਦਗੀ ਕੀਤੀ। ਸੰਸਦ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾ ਮਿਹਨਤਕਸ਼ਾਂ ਦੇ ਹੱਕਾਂ, ਸਮਾਜੀ ਨਿਆਂ, ਕਿਸਾਨਾਂ ਤੇ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਦੀ ਭਲਾਈ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾ ਨੂੰ ਸਰਕਾਰੀ ਭਿ੍ਰਸ਼ਟਾਚਾਰ ਨੂੰ ਉਜਾਗਰ ਕਰਨ ਦੇ ਯਤਨਾਂ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾ ਤਿਲੰਗਾਨਾ ਅੰਦੋਲਨ ਸਣੇ ਕਈ ਅੰਦੋਲਨਾਂ ਦੀ ਅਗਵਾਈ ਕੀਤੀ। ਸਿਧਾਂਤਾਂ ਪ੍ਰਤੀ ਪ੍ਰਤੀਬੱਧਤਾ ਅਤੇ ਸਾਦੀ ਜੀਵਨ ਸ਼ੈਲੀ ਕਰਕੇ ਉਨ੍ਹਾ ਦਾ ਸਭ ਸਨਮਾਨ ਕਰਦੇ ਸਨ। ਸੰਸਦ ਵਿੱਚ ਕਿਰਤ ਸੰਬੰਧੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹੁੰਦਿਆਂ ਉਨ੍ਹਾ ਗੈਰ-ਜਥੇਬੰਦ ਮਜ਼ਦੂਰਾਂ ਦੀ ਭਲਾਈ ਦੇ ਬਿੱਲ ਦਾ ਮਸੌਦਾ ਤਿਆਰ ਕਰਨ ਵਿੱਚ ਅਹਿਮ ਰੋਲ ਨਿਭਾਇਆ। ਉਨ੍ਹਾ ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ।
ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਤੇ ਬੀ ਆਰ ਐੱਸ ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਓ ਸਣੇ ਕਈ ਆਗੂਆਂ ਨੇ ਉਨ੍ਹਾ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ ਕੀਤਾ ਹੈ। ਕਾਮਰੇਡ ਰਾਜਾ ਨੇ ਕਿਹਾ ਹੈ ਕਿ ਕਾਮਰੇਡ ਸੁਧਾਕਰ ਨੇ ਆਪਣਾ ਜੀਵਨ ਮਜ਼ਦੂਰ ਵਰਗ ਦੇ ਸੰਘਰਸ਼ਾਂ ਨੂੰ ਸਮਰਪਤ ਕੀਤਾ। ਉਨ੍ਹਾ ਨੂੰ ਨਿਮਰਤਾ, ਸਪੱਸ਼ਟਤਾ ਅਤੇ ਸੀ ਪੀ ਆਈ ਤੇ ਖੱਬੇ-ਪੱਖੀ ਅੰਦੋਲਨ ਪ੍ਰਤੀ ਅਟੁੱਟ ਪ੍ਰਤੀਬੱਧਤਾ ਲਈ ਯਾਦ ਕੀਤਾ ਜਾਵੇਗਾ।
ਉਨ੍ਹਾ ਦੀ ਅੰਤਮ ਇੱਛਾ ਮੁਤਾਬਕ ਉਨ੍ਹਾ ਦੀ ਮਿ੍ਰਤਕ ਦੇਹ ਗਾਂਧੀ ਮੈਡੀਕਲ ਕਾਲਜ ਨੂੰ ਦਾਨ ਕੀਤੀ ਜਾਵੇਗੀ। ਅੱਖਾਂ ਸਰੋਜਨੀ ਦੇਵੀ ਨੇਤਰ ਚਕਿਤਸਾਲਿਆ ਨੂੰ ਦਿੱਤੀਆਂ ਜਾਣਗੀਆਂ। ਉਹ ਆਪਣੇ ਪਿੱਛੇ ਪਤਨੀ ਵਿਜੇਲਕਸ਼ਮੀ ਅਤੇ ਬੇਟੇ ਨਿਖਿਲ ਤੇ ਕਪਿਲ ਛੱਡ ਗਏ ਹਨ। ਵੱਡੇ ਬੇਟੇ ਦੇ ਅਮਰੀਕਾ ਤੋਂ ਆਉਣ ’ਤੇ ਐਤਵਾਰ ਅੰਤਮ ਸੰਸਕਾਰ ਕੀਤਾ ਜਾਵੇਗਾ।
ਕਾਮਰੇਡ ਰੈਡੀ ਅਜਿਹੇ ਪਰਵਾਰ ਵਿੱਚੋਂ ਸਨ, ਜਿਸ ਦੀ ਬੌਧਿਕ ਤੇ ਸੁਧਾਰਵਾਦੀ ਵਿਰਾਸਤ ਮਜ਼ਬੂਤ ਸੀ। ਉਹ ‘ਗੋਲਕੰੁਡਾ’ ਪੱਤਰਕਾ ਦੇ ਪ੍ਰਸਿੱਧ ਸੰਪਾਦਕ ਤੇ ਤਿਲੰਗਾਨਾ ਸੱਭਿਆਚਾਰਕ ਪੁਨਰ-ਜਾਗਰਣ ਲਹਿਰ ਦੇ ਆਗੂ ਸੁਰਵਰਮ ਪ੍ਰਤਾਪ ਰੈਡੀ ਦੇ ਭਤੀਜੇ ਸਨ। ਉਨ੍ਹਾ ਦੇ ਪਿਤਾ ਵੈਂਕਟਰਾਮ ਰੈਡੀ ਆਜ਼ਾਦੀ ਘੁਲਾਟੀਏ ਸਨ।
ਭਾਰਤ ਵਿੱਚ ਸਿਆਸਤਦਾਨ ਵਿਰਲੇ ਹੀ ਰਿਟਾਇਰ ਹੁੰਦੇ ਹਨ। ਜਿਹੜੇ ਸਿਆਸਤਦਾਨ ਉਤਲੀਆਂ ਪੁਜ਼ੀਸ਼ਨਾਂ ’ਤੇ ਹੁੰਦੇ ਹਨ ਉਹ ਸਿਹਤ ਖਰਾਬ ਹੋਣ ਦੇ ਬਾਵਜੂਦ ਅਹੁਦੇ ਨਹੀਂ ਛੱਡਦੇ, ਪਰ ਕਾਮਰੇਡ ਰੈਡੀ ਵੱਖਰੀ ਕਿਸਮ ਦੇ ਆਗੂ ਸਨ। ਕਾਮਰੇਡ ਏ ਬੀ ਬਰਧਨ ਤੋਂ ਬਾਅਦ 2012 ਤੋਂ 2019 ਤੱਕ ਸੀ ਪੀ ਆਈ ਦੇ ਜਨਰਲ ਸਕੱਤਰ ਰਹੇ ਕਾਮਰੇਡ ਰੈਡੀ ਜਦੋਂ 2019 ਦੀਆਂ ਚੋਣਾਂ ਵਿੱਚ ਪਾਰਟੀ ਦਾ ਪ੍ਰਦਰਸ਼ਨ ਸੁਧਾਰਨ ਵਿੱਚ ਨਾਕਾਮ ਰਹੇ ਤਾਂ ਦੂਜੇ ਆਗੂ ਲਈ ਆਪਣਾ ਅਹੁਦਾ ਛੱਡ ਦਿੱਤਾ ਸੀ।
ਲੁਧਿਆਣਾ (ਐੱਮ ਐੱਸ ਭਾਟੀਆ) : ‘ਇਨਕਲਾਬੀ ਕਾਮਰੇਡ ਸੁਰਾਵਰਮ ਸੁਧਾਕਰ ਰੈਡੀ ਦਾ ਦੇਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਨੂੰ ਸਹਿਣ ਕਰਨਾ ਔਖਾ ਹੈ।’ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਉਨ੍ਹਾ ਦੀ ਬੇਵਕਤੀ ਮੌਤ ’ਤੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਬਾਕਮਾਲ ਬੁਲਾਰੇ, ਡੂੰਘੇ ਵਿਚਾਰਧਾਰਕ, ਇੱਕ ਮਾਨਵਵਾਦੀ ਅਤੇ ਕੋਮਲ ਪਰ ਮਜ਼ਬੂਤ ਇਰਾਦੇ ਵਾਲੀ ਸ਼ਖਸੀਅਤ ਸਨ, ਜੋ ਦੂਜਿਆਂ ਨੂੰ ਠੇਸ ਪਹੁੰਚਾਏ ਬਿਨਾਂ ਸਪੱਸ਼ਟਤਾ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਸਨ ਅਤੇ ਇੱਕ ਅਜਿਹੇ ਵਿਅਕਤੀ, ਜਿਹਨਾ ਹਮੇਸ਼ਾ ਆਪਣੇ ਪਿਆਰ ਭਰੇ ਸੁਭਾਅ ਨਾਲ ਪਰਿਵਾਰਕ ਅਤੇ ਸਮਾਜਿਕ ਬੰਧਨਾਂ ਨੂੰ ਮਜ਼ਬੂਤ ਕੀਤਾ। ਇਸ ਦੇ ਨਾਲ ਹੀ ਉਹ ਇੱਕ ਇਨਕਲਾਬੀ ਲੜਾਕੂ ਸਨ, ਜਿਹਨਾ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਨੂੰ ਭਾਵਨਾ, ਅਨੁਸ਼ਾਸਨ ਅਤੇ ਦਿ੍ਰੜ੍ਹਤਾ ਨਾਲ ਅੱਗੇ ਵਧਾਇਆ।
ਸ਼ੋਕ ਪ੍ਰਗਟ ਕਰਨ ਵਾਲਿਆਂ ਵਿੱਚ ਡੀ ਪੀ ਮੌੜ ਜ਼ਿਲ੍ਹਾ ਸਕੱਤਰ, ਡਾਕਟਰ ਅਰੁਣ ਮਿੱਤਰਾ ਅਤੇ ਚਮਕੌਰ ਸਿੰਘ ਸਹਾਇਕ ਜ਼ਿਲ੍ਹਾ ਸਕੱਤਰ, ਐੱਮ ਐੱਸ ਭਾਟੀਆ ਸ਼ਹਿਰੀ ਸਕੱਤਰ, ਸੂਬਾ ਕਾਰਜਕਾਰਨੀ ਮੈਂਬਰ ਰਮੇਸ਼ ਰਤਨ, ਕੇਵਲ ਸਿੰਘ ਬਨਵੈਤ, ਵਿਜੇ ਕੁਮਾਰ, ਕੁਲਵੰਤ ਕੌਰ, ਭਗਵਾਨ ਸਿੰਘ ਸੋਮਲ ਖੇੜੀ, ਜਗਦੀਸ਼ ਰਾਏ ਬੌਬੀ, ਨਿਰੰਜਨ ਸਿੰਘ, ਸੁਰਿੰਦਰ ਸਿੰਘ ਜਲਾਲਦੀਵਾਲ, ਗੁਰਮੇਲ ਮੈਲਡੇ, ਗੁਰਨਾਮ ਬਹਾਦਰਕੇ,ਚਮਕੌਰ ਸਿੰਘ ਦੌਧਰ, ਡਾ. ਰਜਿੰਦਰਪਾਲ ਸਿੰਘ ਔਲਖ ਸ਼ਾਮਲ ਹਨ।





