ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਨੂੰ ਤਵੀ ਨਦੀ ਵਿੱਚ ਸੰਭਾਵਤ ਹੜ੍ਹ ਬਾਰੇ ਚੇਤਾਵਨੀ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਭਾਵੇਂ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਰੱਦ ਹੋਣ ਦੀ ਸਥਿਤੀ ਵਿੱਚ ਹੈ, ਪਰ ਇਸ ਦੇ ਬਾਵਜੂਦ ਭਾਰਤ ਨੇ ਸੰਭਾਵਤ ਹੜ੍ਹ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪਾਕਿਸਤਾਨ ਨਾਲ ਸੰਪਰਕ ਕੀਤਾ ਹੈ।
ਇਸ ਸੰਬੰਧੀ ਭਾਰਤ ਜਾਂ ਪਾਕਿਸਤਾਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਆਮ ਤੌਰ ’ਤੇ ਅਜਿਹੀ ਜਾਣਕਾਰੀ ਸਿੰਧੂ ਜਲ ਕਮਿਸ਼ਨਰ ਰਾਹੀਂ ਸਾਂਝੀ ਕੀਤੀ ਜਾਂਦੀ ਹੈ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਜੰਮੂ ਵਿੱਚ ਤਵੀ ਨਦੀ ਵਿੱਚ ਸੰਭਾਵਤ ਵੱਡੇ ਹੜ੍ਹ ਬਾਰੇ ਚੇਤਾਵਨੀ ਦਿੱਤੀ ਅਤੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਹ ਚੇਤਾਵਨੀ ਸਾਂਝੀ ਕੀਤੀ ਹੈ। ਮਈ ਵਿੱਚ ਪਾਕਿਸਤਾਨ-ਭਾਰਤ ਤਣਾਅ ਤੋਂ ਬਾਅਦ ਇਹ ਦੋਵਾਂ ਮੁਲਕਾਂ ਦਰਮਿਆਨ ਪਹਿਲਾ ਵੱਡਾ ਸੰਪਰਕ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਚੇਤਾਵਨੀਆਂ ਜਾਰੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ 22 ਅਪ੍ਰੈਲ ਨੂੰ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖਤ ਕਦਮ ਚੁੱਕੇ, ਜਿਨ੍ਹਾਂ ਵਿੱਚ 1960 ਦੇ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਹਿਮਾਚਲ ਦੇ ਪਹਾੜਾਂ ਵਿੱਚ ਹੋ ਰਹੀ ਤੇਜ਼ ਬਾਰਸ਼ ਅਤੇ ਚਮੇਰਾ ਪ੍ਰਾਜੈਕਟ ਵੱਲੋਂ ਛੱਡੇ ਜਾ ਰਹੇ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ, ਜਿਸ ਕਾਰਨ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਡੈਮ ਦੇ ਸਪਿਲਵੇਅ ਦੇ ਸਾਰੇ ਸੱਤ ਫਲੱਡ ਗੇਟ ਖੋਲ੍ਹ ਦਿੱਤੇ ਅਤੇ ਇਹ ਸਾਰਾ ਪਾਣੀ ਮਾਧੋਪੁਰ ਹੈੱਡ ਵਰਕਸ ਰਾਹੀਂ ਰਾਵੀ ਦਰਿਆ ਵਿੱਚ ਪੁੱਜਣਾ ਸ਼ੁਰੂ ਹੋ ਗਿਆ। ਮਾਧੋਪੁਰ ਹੈੱਡ ਵਰਕਸ ਦੇ ਐੱਸ ਡੀ ਓ ਅਰੁਣ ਕੁਮਾਰ ਨੇ ਦੱਸਿਆ ਕਿ ਦੁਪਹਿਰੇ ਇਕ ਵਜੇ 71,000 ਕਿਊਸਿਕ ਪਾਣੀ ਪਾਕਿਸਤਾਨ ਦੀ ਤਰਫ ਛੱਡਿਆ ਜਾ ਰਿਹਾ ਹੈ। ਇਹ ਸਾਰਾ ਪਾਣੀ ਅੱਗੇ ਜਾ ਕੇ ਮਕੌੜਾ ਪੱਤਣ ’ਤੇ ਪੁੱਜ ਕੇ ਡੇਰਾ ਬਾਬਾ ਨਾਨਕ ਅਤੇ ਅੰਮਿ੍ਰਤਸਰ ਜ਼ਿਲ੍ਹੇ ਵਿੱਚ ਜਾ ਰਿਹਾ ਹੈ।
ਹਿਮਾਚਲ ਦੇ ਤਿੰਨ ਜ਼ਿਲ੍ਹਿਆਂ ਚੰਬਾ, ਕਾਂਗੜਾ ਅਤੇ ਮੰਡੀ ਵਿੱਚ ਅਗਲੇ 48 ਘੰਟਿਆਂ ਲਈ ਭਾਰੀ ਮੀਂਹ ਨੁੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਰਾਜ ਦੇ ਕਈ ਹੋਰ ਜ਼ਿਲ੍ਹਿਆਂ ਲਈ ਓਰੇਂਜ ਅਤੇ ਯੈਲੋ ਅਲਰਟ ਵੀ ਜਾਰੀ ਕੀਤੇ ਗਏ ਹਨ। ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਸੋਮਵਾਰ ਸਵੇਰੇ 8 ਵਜੇ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫਸਲਾਂ ਅਤੇ ਨੇੜਲੇ ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ। ਚੰਡੀਗੜ੍ਹ : ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦਰਮਿਆਨ ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਲਈ ਵੀ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ।




