ਸਰਬੱਤ ਦੇ ਭਲੇ ਲਈ ਕਮਿਊਨਿਸਟ ਲਹਿਰ ਨੂੰ ਅੱਗੇ ਲੈ ਕੇ ਆਉਣਾ ਹੋਵੇਗਾ : ਜਗਰੂਪ, ਸੋਹਲ, ਮਹੇਸ਼ਰੀ

0
184

ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ (ਚੰਡੀਗੜ੍ਹ) ਦੀਆਂ ਤਿਆਰੀਆਂ ਵਜੋਂ 21 ਅਗਸਤ ਤੋਂ ਹੁਸੈਨੀਵਾਲਾ ਤੋਂ ਚੱਲਿਆ ਹੋਇਆ ਜੱਥਾ ਮਾਰਚ ਸੋਮਵਾਰ ਮੋਗਾ ਜ਼ਿਲ੍ਹੇ ਵਿੱਚ ਪਹੁੰਚਿਆ। ਇਹ ਜੱਥਾ ਫ਼ਰੀਦਕੋਟ ਤੋਂ ਹੁੰਦਾ ਹੋਇਆ ਮੋਗਾ ਜ਼ਿਲ੍ਹੇ ਵਿੱਚ ਦਾਖਲ ਹੋਇਆ। ਇਸ ਮੌਕੇ ਕੁਲਦੀਪ ਸਿੰਘ ਭੋਲਾ ਜ਼ਿਲ੍ਹਾ ਸਕੱਤਰ, ਸ਼ੇਰ ਸਿੰਘ ਦੌਲਤਪੁਰਾ ਸਹਾਇਕ ਸਕੱਤਰ, ਸਵਰਾਜ ਸਿੰਘ ਢੁੱਡੀਕੇ, ਕਰਮਵੀਰ ਕੌਰ ਬੱਧਨੀ, ਜਗਸੀਰ ਖੋਸਾ, ਡਾਕਟਰ ਇੰਦਰਵੀਰ ਗਿੱਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਖੁਖਰਾਣਾ ਨੇੜੇ ਪਹੁੰਚੇ ਸਾਥੀਆਂ ਨੇ ਜਥੇ ਦਾ ਸਵਾਗਤ ਕੀਤਾ। ਉਪਰੰਤ ਮੋਗਾ ਦੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਬਲਾਕ ਮੋਗਾ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਜਥੇਬੰਦਕ ਸੁਨੇਹਾ ਦਿੰਦਿਆਂ ਭਾਰਤੀ ਕਮਿਊੁਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਜਗਰੂਪ, ਨਰਿੰਦਰ ਕੌਰ ਸੋਹਲ ਅਤੇ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ 26 ਦਸੰਬਰ 1925 ਨੂੰ ਹੋਂਦ ਵਿੱਚ ਆਈ ਸੀ, ਇਹ ‘ਪੂਰਨ ਆਜ਼ਾਦੀ’ ਦੇ ਨਾਹਰੇ ਦਾ ਮੁੱਢ ਬੰਨ੍ਹਣ ਵਾਲਿਆਂ ਵਿੱਚੋਂ ਹੈ। 1947 ਤੱਕ ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਅੰਗਰੇਜ਼ਾਂ ਵਿਰੁੱਧ ਅਤੇ ਦੇਸ਼ ਵਿੱਚ ਰਾਜਿਆਂ, ਰਜਵਾੜਿਆਂ, ਜਗੀਰਦਾਰਾਂ ਵਿਰੁੱਧ ਜਥੇਬੰਦ ਕੀਤੇ ਕਿਸਾਨ ਘੋਲ ਇਤਿਹਾਸ ਦਾ ਹਿੱਸਾ ਹਨ। ਨਿਜ਼ਾਮ ਹੈਦਰਾਬਾਦ ਵਿਰੁੱਧ ਤਿਲੰਗਾਨਾ ਦਾ ਕਿਸਾਨ ਘੋਲ, ਤਿਭਾਗਾ ਅੰਦੋਲਨ ਅਤੇ ਪੈਪਸੂ ਦਾ ਮੁਜ਼ਾਰਾ ਕਿਸਾਨ ਘੋਲ, ਜਿਸ ਨੇ ਰਾਜੇ, ਰਜਵਾੜਿਆਂ ਅਤੇ ਜਗੀਰਦਾਰਾਂ ਤੋਂ ਮਾਲਕੀ ਹੱਕ ਮੁਜ਼ਾਰਿਆਂ ਨੂੰ ਲੈ ਕੇ ਦੇਣ ਦੇ ਸਫਲ ਘੋਲ ਦੀ ਅਗਵਾਈ ਕੀਤੀ, ਜਿਸ ਸਦਕਾ 784 ਪਿੰਡਾਂ ’ਚ 16 ਲੱਖ ਏਕੜ ਜ਼ਮੀਨ ਹਲਵਾਹਕਾਂ ਦੇ ਨਾਂਅ ਹੋਈ। ਉਹਨਾ ਕਿਹਾ ਕਿ ਅੱਜ ਸਰਮਾਏਦਾਰੀ ਦੀ ਸੇਵਾ ਕਰ ਰਹੀ ਕੇਂਦਰ ਸਰਕਾਰ ਲੋਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਵੀ ਖੋਹਣ ਦਾ ਯਤਨ ਕਰ ਰਹੀ ਹੈ, ਤਾਂ ਕਿ ਵੋਟ ਤੋਂ ਵਾਂਝੇ ਲੋਕ ਆਪਣੇ ਬਾਕੀ ਅਧਿਕਾਰਾਂ ਤੋਂ ਵੀ ਵਾਂਝੇ ਹੋ ਜਾਣ।ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਰਤੀ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਦੁੱਖ-ਤਕਲੀਫ਼ਾਂ ਦਾ ਜ਼ਿੰਮੇਵਾਰ ਸਰਮਾਏਦਾਰੀ ਪ੍ਰਬੰਧ ਹੀ ਹੈ। ਜੇਕਰ ਸਾਡੇ ਸ਼ਹੀਦਾਂ, ਗੁਰੂਆਂ ਦੇ ਸੁਪਨਿਆਂ ਵਾਲਾ ਸਰਬੱਤ ਦੇ ਭਲੇ ਵਾਲਾ ਸਮਾਜਵਾਦੀ ਪ੍ਰਬੰਧ ਸਿਰਜਣਾ ਹੈ ਤਾਂ ਸਾਨੂੰ ਕਿਰਤ ਦੀ ਧਿਰ ਦੀ ਰਾਜਨੀਤੀ ਕਰਦੀ ਕਮਿਊਨਿਸਟ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਪਵੇਗਾ। ਆਗੂਆਂ ਨੇ ਜਥੇ ਦੇ ਸੁਨੇਹੇ ਸਾਂਝੇ ਕਰਦਿਆਂ 21 ਸਤੰਬਰ ਨੂੰ ਮੁਹਾਲੀ ਵਿਖੇ ਹੋ ਰਹੀ ਰੈਲੀ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ।
ਹੋਰਨਾਂ ਤੋਂ ਇਲਾਵਾ ਬਚਿੱਤਰ ਸਿੰਘ ਧੋਥੜ, ਬਲਵਿੰਦਰ ਸਿੰਘ ਬਹੋਨਾ, ਇਕਬਾਲ ਸਿੰਘ ਤਖਾਣਵੱਧ, ਇੰਜ. ਸਵਰਨ ਸਿੰਘ ਖੋਸਾ, ਪੋਹਲਾ ਸਿੰਘ ਬਰਾੜ, ਜਗਵਿੰਦਰ ਕਾਕਾ, ਸਵਰਾਜ ਸਿੰਘ ਖੋਸਾ, ਹਰਪ੍ਰੀਤ ਸਿੰਘ, ਰਮਨ ਧਰਮੂਵਾਲਾ, ਜਸਪ੍ਰੀਤ ਕੌਰ, ਰਾਜੂ ਮਹੇਸ਼ਰੀ, ਜਬਰਜੰਗ ਸਿੰਘ, ਜੀਵਨ ਜੋਗੇਵਾਲਾ, ਭੁਪਿੰਦਰ ਸਿੰਘ ਭਿੰਦਾ, ਬੋਹੜ ਸਿੰਘ ਬੁੱਟਰ, ਸੁੱਖਾ ਪੇਂਟਰ, ਪੰਮਾ ਖੋਸਾ ਬਹੋਨਾ ਆਦਿ ਆਗੂ ਮੌਜੂਦ ਸਨ।