ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲਣ ਵਾਲਾ ਮੁਫਤ ਰਾਸ਼ਨ ਬੰਦ ਕਰਨ ਲਈ ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੋਕਾਂ ਦੇ ਹੱਕ ਖੋਹਣ ਨਹੀਂ ਦੇਣਗੇ।
ਪੰਜਾਬ ਦੇ ਲੋਕਾਂ ਦੇ ਨਾਂਅ ਇੱਕ ਲਿਖਤੀ ਸੰਦੇਸ਼ ਵਿੱਚ ਉਨ੍ਹਾ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲਣ ਵਾਲਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ। ਇੱਕ ਹਫਤੇ ਅੰਦਰ ਇਹ ਦੂਜੀ ਵਾਰ ਹੈ, ਜਦੋਂ ਮਾਨ ਨੇ ਕੇਂਦਰ ’ਤੇ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਲੋਕਾਂ ਦਾ ਰਾਸ਼ਨ ਬੰਦ ਕਰਨ ਦਾ ਦੋਸ਼ ਲਗਾਇਆ ਹੈ।
ਮਾਨ ਨੇ ਸੰਦੇਸ਼ ਵਿੱਚ ਲਿਖਿਆ ਹੈ, ‘ਤੁਹਾਡਾ ਨਾਂਅ ਵੀ ਉਸ ਸੂਚੀ ਵਿੱਚ ਹੈ। ਹੁਣ ਤੱਕ ਪੰਜਾਬ ਵਿੱਚ 1.53 ਕਰੋੜ ਲੋਕ ਰਾਸ਼ਨ ਪ੍ਰਾਪਤ ਕਰ ਰਹੇ ਸਨ, ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਲਈ ਇਹ ਸਹੂਲਤ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹਰੇਕ ਤਿੰਨ ਗਰੀਬ ਪਰਵਾਰਾਂ ਵਿੱਚੋਂ ਇੱਕ ਨੂੰ ਰਾਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਹ ਸਿਰਫ ਸਰਕਾਰੀ ਫੈਸਲਾ ਨਹੀਂ, ਇਹ ਪੰਜਾਬ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਪਰਵਾਰਾਂ ਦੀਆਂ ਥਾਲੀਆਂ ’ਤੇ ਸਿੱਧਾ ਹਮਲਾ ਹੈ।’ ਮਾਨ ਨੇ ਦਾਅਵਾ ਕੀਤਾ ਕਿ ਜੁਲਾਈ ਤੋਂ ਕੇਂਦਰ ਸਰਕਾਰ ਨੇ ਪੰਜਾਬ ਦੇ 23 ਲੱਖ ਗਰੀਬ ਲੋਕਾਂ ਨੂੰ ਰਾਸ਼ਨ ਇਹ ਕਹਿ ਕੇ ਰੋਕ ਦਿੱਤਾ ਹੈ ਕਿ ਉਨ੍ਹਾਂ ਈ-ਕੇ ਵਾਈ ਸੀ ਅਮਲ ਪੂਰਾ ਨਹੀਂ ਕੀਤਾ ਹੈ।
ਉਨ੍ਹਾ ਦਾਅਵਾ ਕੀਤਾ, ‘ਭਾਜਪਾ ਸਤੰਬਰ ਤੋਂ ਕਰੀਬ 32 ਲੱਖ ਹੋਰ ਪੰਜਾਬੀਆਂ ਦਾ ਰਾਸ਼ਨ ਇਹ ਕਹਿ ਕੇ ਬੰਦ ਕਰਨ ਜਾ ਰਹੀ ਹੈ ਕਿ ਇਹ ਲੋਕ ਗਰੀਬ ਨਹੀਂ ਹਨ। ਭਾਜਪਾ ਕੁੱਲ 55 ਲੱਖ ਗਰੀਬ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ।’ ਉਨ੍ਹਾ ਸਵਾਲ ਕੀਤਾ, ‘ਜ਼ਰਾ ਸੋਚੋ; ਅਸੀਂ, ਪੰਜਾਬ ਦੇ ਲੋਕ, ਅਨਾਜ ਉਗਾਉਂਦੇ ਹਾਂ ਅਤੇ ਪੂਰੇ ਦੇਸ਼ ਨੂੰ ਖੁਆਉਂਦੇ ਹਾਂ ਅਤੇ ਅੱਜ ਕੇਂਦਰ ਸਰਕਾਰ ਉਸੇ ਪੰਜਾਬ ਦੀ ਥਾਲੀ ਵਿੱਚੋਂ ਰੋਟੀ ਦਾ ਇੱਕ ਟੁਕੜਾ ਖੋਹਣ ’ਤੇ ਤੁਲੀ ਹੋਈ ਹੈ। ਕੀ ਇਹ ਸਹੀ ਹੈ? ’
ਮਾਨ ਨੇ ਮਾਪਦੰਡਾਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ, ‘ਭਾਜਪਾ ਕਹਿੰਦੀ ਹੈ ਕਿ ਇਨ੍ਹਾਂ ਵਿੱਚੋਂ ਕੁਝ ਲੋਕਾਂ ਕੋਲ ਕਾਰਾਂ ਹਨ, ਕੁਝ ਆਮਦਨ ਟੈਕਸ ਦਿੰਦੇ ਹਨ, ਕੁਝ ਕੋਲ 2.50 ਏਕੜ ਤੋਂ ਵੱਧ ਜ਼ਮੀਨ ਹੈ ਅਤੇ ਕੁਝ ਪਰਵਾਰਾਂ ਕੋਲ ਨੌਕਰੀ ਹੈਇਸ ਲਈ ਇਹ ਲੋਕ ਗਰੀਬ ਨਹੀਂ ਹਨ।’ ਮੁੱਖ ਮੰਤਰੀ ਨੇ ਪੁੱਛਿਆ, ‘ਜੇ ਘਰ ਵਿੱਚ ਇੱਕ ਵਿਅਕਤੀ ਕੰਮ ਕਰਦਾ ਹੈ ਜਾਂ ਕਾਰ ਦਾ ਮਾਲਕ ਹੈ, ਤਾਂ ਕੀ ਪੂਰਾ ਪਰਵਾਰ ਅਮੀਰ ਹੋ ਜਾਂਦਾ ਹੈ? ਕੀ ਪੂਰੇ ਪਰਵਾਰ ਦੇ (ਰਾਸ਼ਨ) ਕਾਰਡ ਕੱਟਣਾ ਸਹੀ ਹੈ? ’
ਮਾਨ ਨੇ ਦੋਸ਼ ਲਗਾਇਆ ਕਿ ਭਾਜਪਾ ਪੰਜਾਬ ਦੀ ਅਸਲੀਅਤ ਨੂੰ ਨਹੀਂ ਸਮਝਦੀ। ਉਨ੍ਹਾ ਦਾਅਵਾ ਕੀਤਾ ਕਿ ‘ਦਿੱਲੀ ਵਿੱਚ ਏ ਸੀ ਕਮਰਿਆਂ ਵਿੱਚ ਬੈਠ ਕੇ ਪਿੰਡਾਂ ਦੇ ਗਰੀਬ ਲੋਕਾਂ ਦੇ ਖਾਣੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।’ ਉਨ੍ਹਾ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਪੰਜਾਬ ਸਰਕਾਰ ਨੂੰ ਹਰ ਪਰਵਾਰ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਦਾ ਮੌਕਾ ਨਹੀਂ ਦੇ ਰਹੀ। ਉਨ੍ਹਾ ਕਿਹਾ, ‘ਸਹੀ ਤਸਦੀਕ ਤੋਂ ਬਿਨਾਂ ਰਾਸ਼ਨ ਕਾਰਡ ਬੰਦ ਕਰਨ ਦੇ ਇਸ ਹੁਕਮ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਕਿਸੇ ਵੀ ਬਹਾਨੇ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੀ ਹੈ।’ ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ, ਕਿਉਂਕਿ ‘ਤੁਹਾਡਾ ਭਰਾ ਭਗਵੰਤ ਮਾਨ ਤੁਹਾਡੇ ਨਾਲ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਦੇ ਵੀ ਰਾਸ਼ਨ ਕਾਰਡ ਨੂੰ ਅਯੋਗ ਨਹੀਂ ਠਹਿਰਾਇਆ ਜਾਵੇਗਾ। ਉਨ੍ਹਾ ਕਿਹਾ, ‘ਅਸੀਂ ਪਹਿਲਾਂ ਹੀ 1.29 ਕਰੋੜ ਲਾਭਪਾਤਰੀਆਂ ਦੀ ਤਸਦੀਕ ਕਰ ਲਈ ਹੈ ਅਤੇ ਬਾਕੀ ਕੰਮ ਵੀ ਛੇ ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ।’
ਉਹਨਾ ਕਿਹਾ ਕਿ ਉਨ੍ਹਾ ਕੇਂਦਰ ਸਰਕਾਰ ਤੋਂ ਸਮਾਂ ਮੰਗਿਆ ਹੈ। ਉਨ੍ਹਾ ਕਿਹਾ, ‘ਸਾਡੀ ਟੀਮ ਘਰ-ਘਰ ਜਾ ਕੇ ਹਰੇਕ ਪਰਵਾਰ ਦੀ ਸਥਿਤੀ ਦਾ ਪਤਾ ਲਗਾਏਗੀ। ਇਹ ਸਿਰਫ ਰਾਸ਼ਨ ਲਈ ਲੜਾਈ ਨਹੀਂ ਹੈ, ਇਹ ਪੰਜਾਬੀਆਂ ਦੇ ਹੱਕਾਂ ਅਤੇ ਸਨਮਾਨ ਲਈ ਲੜਾਈ ਹੈ।’ ਉਨ੍ਹਾ ਭਾਜਪਾ ’ਤੇ ਖੁੱਲ੍ਹੇਆਮ ਪੰਜਾਬ ਨਾਲ ਧੱਕਾ ਕਰਨ ਦਾ ਦੋਸ਼ ਲਗਾਇਆ। ਉਨ੍ਹਾ ਕਿਹਾ, ‘ਜੇ ਭਾਜਪਾ ਦੇ ਮੈਂਬਰ ਤੁਹਾਡੇ ਪਿੰਡ ਜਾਂ ਘਰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸਪੱਸ਼ਟ ਕਹੋ ਕਿ ਪੰਜਾਬੀ ਕਿਸੇ ਵੀ ਹਾਲਤ ਵਿੱਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ।’
ਇਸ ਤੋਂ ਪਹਿਲਾਂ ਸਨਿੱਚਰਵਾਰ ਮਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾ ਦੀ ਸਰਕਾਰ ਨੂੰ ਕੇਂਦਰ ਤੋਂ ਇੱਕ ਰਿਪੋਰਟ ਮਿਲੀ ਹੈ, ਜਿਸ ਵਿੱਚ ਪੰਜਾਬ ਵਿੱਚ 8,02,493 ਰਾਸ਼ਨ ਕਾਰਡ ਧਾਰਕਾਂ ਨੂੰ ਹਟਾਉਣ ਦਾ ਸੁਝਾਅ ਦਿੱਤਾ ਗਿਆ ਹੈ, ਕਿਉਂਕਿ ਉਹ ਹੁਣ ਯੋਗ ਨਹੀਂ ਹਨ। ਇਸੇ ਦੌਰਾਨ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਮਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਕੇਂਦਰ ਸੂਬੇ ਦੀਆਂ ਰਾਸ਼ਨ ਸੂਚੀਆਂ ਵਿੱਚੋਂ 55 ਲੱਖ ਨਾਂਅ ਹਟਾ ਰਿਹਾ ਹੈ। ਉਨ੍ਹਾ ਇਸ ਦਾਅਵੇ ਨੂੰ ‘ਝੂਠ’ ਤੇ ‘ਗੁੰਮਰਾਹਕੁੰਨ’ ਦੱਸਿਆ। ਜੋਸ਼ੀ ਨੇ ਸਪੱਸ਼ਟ ਕੀਤਾ ਕਿ ਰਾਸ਼ਨ ਲਾਭਪਾਤਰੀਆਂ ਲਈ ਲਾਜ਼ਮੀ ‘ਈ-ਕੇ ਵਾਈ ਸੀ’ ਪ੍ਰਕਿਰਿਆ ਕੇਂਦਰ ਸਰਕਾਰ ਵੱਲੋਂ ਸ਼ੁਰੂ ਨਹੀਂ ਕੀਤੀ ਗਈ, ਬਲਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਸੀ। ਕੇਂਦਰੀ ਮੰਤਰੀ ਨੇ ਕਿਹਾ, ‘ਕੇਂਦਰ ਨੇ ਸਾਰੇ ਰਾਜਾਂ ਨੂੰ ਪਾਲਣਾ ਲਈ ਸਿਰਫ ਸਰਕੂਲਰ ਜਾਰੀ ਕੀਤੇ ਹਨ। ਪੰਜਾਬ ਨੂੰ ਇਹ ਮਸ਼ਕ ਪੂਰੀ ਕਰਨ ਲਈ ਤਿੰਨ ਵਾਰ ਵਾਧਾ ਦਿੱਤਾ ਗਿਆ ਸੀ, ਫਿਰ ਵੀ ਇਹ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਸਫਲ ਰਿਹਾ।’
ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ 1.41 ਕਰੋੜ ਲਾਭਪਾਤਰੀ ਹਨ ਅਤੇ ਕੇਂਦਰ ਨੇ ਇਸ ਪ੍ਰਵਾਨਤ ਸੂਚੀ ਵਿੱਚੋਂ ‘ਇੱਕ ਵੀ ਲਾਭਪਾਤਰੀ ਨੂੰ ਨਹੀਂ ਹਟਾਇਆ।’ ਉਨ੍ਹਾ ਕਿਹਾ ਕਿ 30 ਅਪਰੈਲ ਆਖਰੀ ਤਰੀਕ ਸੀ, ਪਰ ਉਸ ਮਿਤੀ ਤੱਕ ਪੰਜਾਬ ਵਿੱਚ ਈ-ਕੇ ਵਾਈ ਸੀ ਦਾ ਅਮਲ ਸਿਰਫ 90 ਪ੍ਰਤੀਸ਼ਤ ਹੀ ਪੂਰਾ ਹੋਇਆ ਸੀ। ਉਨ੍ਹਾ ਕਿਹਾ, ‘ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਯੋਗ ਲਾਭਪਾਤਰੀਆਂ ਦੀ ਪਛਾਣ ਨਿਰਧਾਰਤ ਮਾਪਦੰਡਾਂ ਦੇ ਆਧਾਰ ’ਤੇ ਕਰੇ।’ ਆਮ ਆਦਮੀ ਪਾਰਟੀ ਸਰਕਾਰ ’ਤੇ ਲਾਪਰਵਾਹੀ ਅਤੇ ਭਿ੍ਰਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਯੋਗ ਪਰਵਾਰਾਂ ਕੋਲ ਅਜੇ ਵੀ ਰਾਸ਼ਨ ਕਾਰਡ ਨਹੀਂ ਹਨ, ਜਦੋਂ ਕਿ ਗਰੀਬਾਂ ਲਈ ਅਨਾਜ ਗੈਰ-ਕਾਨੂੰਨੀ ਢੰਗ ਨਾਲ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।





