ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ‘ਸਵਦੇਸ਼ੀ’ ਸਾਰਿਆਂ ਦਾ ਜੀਵਨ ਮੰਤਰ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੇ ਗਲੋਬਲ ਅਤੇ ਘਰੇਲੂ ਦੋਵਾਂ ਨਿਰਮਾਤਾਵਾਂ ਲਈ ਅਨੁਕੂਲ ਮਾਹੌਲ ਬਣਾਇਆ ਹੈ। ਗੁਜਰਾਤ ਦੇ ਹੰਸਲਪੁਰ ’ਚ ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟਿ੍ਰਕ ਕਾਰ ਈ-ਵਿਟਾਰਾ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੋਦੀ ਨੇ ਕਿਹਾ ਕਿ ਦੁਨੀਆ ‘ਮੇਡ ਇਨ ਇੰਡੀਆ’ ਇਲੈਕਟਿ੍ਰਕ ਵਾਹਨ ਚਲਾਏਗੀ, ਕਿਉਂਕਿ ਦੇਸ਼ ਵਿੱਚ ਬਣੇ ਈ-ਵਾਹਨ 100 ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣਗੇ।
ਮੋਦੀ ਨੇ ਸਵਦੇਸ਼ੀ ਉਤਪਾਦ ਖਰੀਦਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਕਿ ਨਿਵੇਸ਼ ਕੌਣ ਕਰਦਾ ਹੈ, ਮਹੱਤਵਪੂਰਨ ਇਹ ਹੈ ਕਿ ਉਤਪਾਦ ਬਣਾਉਣ ਲਈ ਮਿਹਨਤ ਭਾਰਤੀਆਂ ਦੀ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਸ ਤਰ੍ਹਾਂ ਮਾਰੂਤੀ ਸੁਜ਼ੂਕੀ ਵੀ ਇੱਕ ਸਵਦੇਸ਼ੀ ਕੰਪਨੀ ਹੈ।



