ਸਸਕਾਰ ਜੋਗੇ ਪੈਸੇ ਨਹੀਂ ਸੀ, ਨਵਜੰਮੇ ਦੀ ਲਾਸ਼ ਲਿਫਾਫੇ ’ਚ ਪਾ ਕੇ ਸੁੱਟ’ਤੀ, ਪਿਤਾ ਗਿ੍ਰਫਤਾਰ

0
110

ਪਟਿਆਲਾ (ਰਜਿੰਦਰ ਸਿੰਘ ਥਿੰਦ)
ਰਾਜਿੰਦਰਾ ਹਸਪਤਾਲ ਪਟਿਆਲਾ ਦੇ ਵਾਰਡ ਨੰਬਰ 4 ਵਿੱਚ ਮੰਗਲਵਾਰ ਸ਼ਾਮ ਇੱਕ ਅਵਾਰਾ ਕੁੱਤੇ ਵੱਲੋਂ ਨਵਜੰਮੇ ਬੱਚੇ ਦਾ ਕੱਟਿਆ ਹੋਇਆ ਸਿਰ ਚੁੱਕ ਕੇ ਲੈ ਜਾਣ ਦੇ ਕੁਝ ਘੰਟਿਆਂ ਬਾਅਦ ਐੱਸ ਐੱਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਕੇਸ ਨੂੰ ਸੁਲਝਾਉਣ ਅਤੇ ਮਿ੍ਰਤਕ ਬੱਚੇ ਦੇ ਪਿਤਾ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ।ਮੁਲਜ਼ਮ ਦੀ ਪਛਾਣ ਗਿਰਧਾਰੀ ਲਾਲ ਵਜੋਂ ਹੋਈ ਹੈ। ਉਸ ਨੇ ਅੰਤਮ ਸੰਸਕਾਰ ਕਰਨ ਦੀ ਬਜਾਏ ਇੱਕ ਕਾਲੇ ਲਿਫਾਫੇ ਵਿੱਚ ਨਵਜੰਮੇ ਬੱਚੇ ਦੀ ਲਾਸ਼ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ, ਜਿੱਥੋਂ ਇਹ ਨੇੜੇ ਦੇ ਡੰਪ ’ਤੇ ਪਹੁੰਚ ਗਿਆ। ਇਸ ਦੌਰਾਨ ਆਵਾਰਾ ਕੁੱਤੇ ਨੇ ਕੂੜੇ ਦੇ ਢੇਰ ’ਚੋਂ ਸਿਰ ਲੱਭ ਲਿਆ ਤੇ ਹਸਪਤਾਲ ਦੇ ਅੰਦਰ ਲੈ ਗਿਆ। ਮਿ੍ਰਤਕ ਦੇਹ ਦੇ ਗੁਪਤ ਨਿਪਟਾਰੇ ਲਈ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਬੀ ਐੱਨ ਐੱਸ ਦੀ ਧਾਰਾ 94 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਦੇ ਅਨੁਸਾਰ ਜੋੜਾ 24 ਅਗਸਤ ਨੂੰ ਰਾਤ 8.25 ਵਜੇ ਦੇ ਕਰੀਬ ਹਸਪਤਾਲ ਪਹੁੰਚਿਆ ਸੀ ਅਤੇ ਔਰਤ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ, ਜਿਸ ਨੂੰ ਇੰਟਰਾਯੂਟਰਾਈਨ ਮੌਤ (ਆਈ ਯੂ ਡੀ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।
ਹਸਪਤਾਲ ਪ੍ਰਸ਼ਾਸਨ ਨੇ 25 ਅਗਸਤ ਨੂੰ ਲਾਸ਼ ਪਰਵਾਰ ਨੂੰ ਸੌਂਪ ਦਿੱਤੀ, ਪਰ ਗਿਰਧਾਰੀ ਲਾਲ ਨੇ ਪੁਲਸ ਨੂੰ ਦੱਸਿਆ ਕਿ ਉਹ ਗਰੀਬ ਸੀ ਅਤੇ ਉਸ ਕੋਲ ਅੰਤਮ ਸੰਸਕਾਰ ਕਰਨ ਦਾ ਸਾਧਨ ਨਹੀਂ ਸੀ, ਇਸ ਲਈ ਉਸ ਨੇ ਲਾਸ਼ ਨੂੰ ਸੁੱਟਣ ਦਾ ਫੈਸਲਾ ਕੀਤਾ। ਇਸੇ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡਾਕਟਰ ਬਲਬੀਰ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਅਜਿਹੀ ਘਟਨਾ ਮੁੜ ਵਾਪਰਨ ਤੋਂ ਰੋਕਣ ਲਈ ਢੁਕਵੇਂ ਕਦਮ ਉਠਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਹਨਾ ਦੱਸਿਆ ਕਿ ਪੈਦਾ ਹੋਏ ਅਣਚਾਹੇ ਬੱਚਿਆਂ ਦੀ ਸੰਭਾਲ ਲਈ ਪੰਘੂੜੇ ਲਗਾਏ ਜਾਣਗੇ ਅਤੇ ਜਿਹੜੇ ਮਾਪੇ ਪੇਟ ’ਚ ਮਰੇ ਹੋਏ ਬੱਚਿਆਂ ਦੀਆਂ ਅੰਤਮ ਰਸਮਾਂ ਨਿਭਾਉਣ ਤੋਂ ਕਿਸੇ ਕਾਰਨ ਅਸਮਰੱਥ ਹੁੰਦੇ ਹਨ, ਅਜਿਹੇ ਬੱਚਿਆਂ ਦੇ ਮਿ੍ਰਤਕ ਸਰੀਰ ਸਮੇਟਣ ਲਈ ਵੀ ਠੋਸ ਕਦਮ ਉਠਾਏ ਜਾਣਗੇ।ਸਿਹਤ ਮੰਤਰੀ ਨੇ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ, ਕੂੜੇ ਦੇ ਢੇਰਾਂ ’ਤੇ ਸੀ ਸੀ ਟੀ ਵੀ ਕੈਮਰਿਆਂ ਸਮੇਤ ਅਵਾਰਾ ਕੁੱਤਿਆਂ ਦੇ ਹੱਲ ਲਈ ਵੀ ਚਰਚਾ ਕੀਤੀ।