ਸੜਕਾਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਖੁਸ਼ਹਾਲੀ ਤੇ ਆਧੁਨਿਕਤਾ ਲਿਆਉਣ ਵਾਲੀਆਂ ਮੰਨੀਆਂ ਜਾਂਦੀਆਂ ਹਨ, ਪਰ ਉੱਤਰਾਖੰਡ ਦੇ ਪਿੰਡਾਂ ਵਿੱਚ ਇਨ੍ਹਾਂ ਨੇ ਡਰ, ਅੰਧ-ਵਿਸ਼ਵਾਸ ਤੇ ਧਾਰਮਿਕਤਾ ਵਧਾ ਦਿੱਤੀ ਹੈ। ਸਥਾਨਕ ਪੁਜਾਰੀ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ’ਚ ਕਾਮਯਾਬ ਹੋ ਰਹੇ ਹਨ ਕਿ ਪਹਾੜ ਖਿਸਕਣ ਤੇ ਹੜ੍ਹਾਂ ਦਾ ਕਾਰਨ ਲੋਕਾਂ ਵੱਲੋਂ ਦੇਵੀ-ਦੇਵਤਿਆਂ ਨੂੰ ਭੁਲਾਉਣਾ ਹੈ। ਚੀਨ ਤੱਕ ਤੋਪਖਾਨੇ ਦੀ ਢੁਆਈ ਤੇ ਚਾਰ ਧਾਮ ਯਾਤਰਾਵਾਂ ਲਈ ਸੜਕਾਂ ਨੂੰ ਫੋਰਲੇਨ ਬਣਾਉਣ ਤੇ ਸੁਰੰਗਾਂ ਕੱਢਣ ਵਾਸਤੇ ਵੱਡੀ ਪੱਧਰ ’ਤੇ ਪਹਾੜ ਡਾਇਨਾਮਾਈਟ ਨਾਲ ਉਡਾਏ ਗਏ ਹਨ, ਜਿਹੜੇ ਕਮਜ਼ੋਰ ਹੋ ਕੇ ਖਿਸਕ ਰਹੇ ਹਨ। ਨਤੀਜਾ ਵੱਡੇ ਪੱਧਰ ’ਤੇ ਤਬਾਹੀ ਵਿੱਚ ਨਿਕਲ ਰਿਹਾ ਹੈ, ਪਰ ਭੋਲੇ-ਭਾਲੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਇਹ ਤਬਾਹੀਆਂ ਉਨ੍ਹਾਂ ਦੇ ਧਾਰਮਕ ਸਰਗਰਮੀਆਂ ਤੋਂ ਬੇਮੁਖ ਹੋਣ ਕਾਰਨ ਵਾਪਰ ਰਹੀਆਂ ਹਨ। ਉਹ ਤਬਾਹੀਆਂ ਟਾਲਣ ਲਈ ਧਾਰਮਕ ਯਾਤਰਾਵਾਂ ਕਰਨ ਲੱਗ ਪਏ ਹਨ। ਚਮੋਲੀ ਜ਼ਿਲ੍ਹੇ, ਜਿੱਥੇ ਬੱਦਲ ਫਟਣ ਨਾਲ ਭਾਰੀ ਜਾਨੀ ਤੇ ਮਾਲੀ ਹਾਨੀ ਹੋਈ ਹੈ, ਵਿੱਚ ਲੋਕ ਜਾਤ ਯਾਤਰਾ 16 ਅਗਸਤ ਤੋਂ 30 ਅਗਸਤ ਤੱਕ ਨਿਕਲਦੀ ਹੈ। ਹਾਲ ਹੀ ਤੱਕ ਇਸ ਵਿੱਚ ਪੰਜ-ਛੇ ਪਿੰਡ ਹੀ ਸ਼ਾਮਲ ਹੁੰਦੇ ਸਨ, ਪਰ ਇਸ ਸਾਲ ਹੁਣ ਤੱਕ ਘੱਟੋ-ਘੱਟ 100 ਪਿੰਡਾਂ ਦੇ ਲੋਕ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਯਾਤਰਾ ਵਿੱਚ ਲੋਕ ਆਪਣੇ ਪਿੰਡੋਂ ਨੰਦਾ ਦੇਵੀ ਦੀ ਮੂਰਤੀ ਲੈ ਕੇ ਮਾਊਂਟ ਨੰਦਾ ਦੇਵੀ ਤੱਕ ਲੈ ਕੇ ਜਾਂਦੇ ਹਨ। ਉੱਥੇ ਸਰੋਵਰ ਵਿੱਚ ਮੂਰਤੀ ਨੂੰ ਨਹਾ ਕੇ, ਧਾਰਮਕ ਅਨੁਸ਼ਠਾਨ ਕਰਕੇ ਉੱਥੋਂ ਬ੍ਰਹਮ ਕਮਲ ਲੈ ਕੇ ਪਰਤਦੇ ਹਨ। ਬਾਰਾਂ ਸਾਲ ਬਾਅਦ ਵੱਡੀ ਯਾਤਰਾ ਕੱਢੀ ਜਾਂਦੀ ਹੈ, ਜਿਹੜੀ 2026 ਵਿੱਚ ਹੋਣੀ ਹੈ। ਇਸ ਤੋਂ ਇਲਾਵਾ ਰਾਜ ਜਾਤ ਯਾਤਰਾ ਵੀ ਕੱਢੀ ਜਾਂਦੀ ਹੈ, ਜਿਹੜੀ ਪਿੰਡ ਨੋਟੀ ਤੋਂ ਸ਼ੁਰੂ ਹੋ ਕੇ 290 ਕਿੱਲੋਮੀਟਰ ਉੱਪਰ ਬੇਦਨੀ ਬੁਗਯਾਲ ਦੇ ਉੱਤੇ ਹੋਮਕੁੰਡ ਗਲੇਸ਼ੀਅਰ ਤੱਕ ਜਾਂਦੀ ਹੈ। ਪਿੱਛੇ ਜਿਹੇ ਤੋਂ ਉੱਤਰਾਖੰਡ ਦੀ ਭਾਜਪਾ ਸਰਕਾਰ ਇਨ੍ਹਾਂ ਯਾਤਰੀਆਂ ਨੂੰ ਪੁਲਸ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਯਾਤਰੀਆਂ ਦੀ ਗਿਣਤੀ ਵਧਣ ਕਾਰਨ ਉਹ ਹੋਰ ਵੀ ਸਹੂਲਤਾਂ ਦੇਣ ਲਈ ਵਿਚਾਰ ਕਰ ਰਹੀ ਹੈ। ਬਾਰਾਂ ਸਾਲ ਬਾਅਦ ਹੋਣ ਵਾਲੀ ਯਾਤਰਾ ਨੂੰ ਉਹ ਕੁੰਭ ਵਾਂਗ ਪ੍ਰਚਾਰਨ ਜਾ ਰਹੀ ਹੈ, ਤਾਂ ਕਿ ਉਸ ਵੱਲੋਂ ਵਿਕਾਸ ਦੇ ਨਾਂਅ ’ਤੇ ਕੁਦਰਤ ਨਾਲ ਕੀਤੇ ਖਿਲਵਾੜ ਤੋਂ ਸਥਾਨਕ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਕਸਰ ਕਹਿੰਦੇ ਹਨ ਕਿ ਆਪਦਾ ਵਿੱਚੋਂ ਅਵਸਰ ਲੱਭਣੇ ਚਾਹੀਦੇ ਹਨ। ਕੇਹੀ ਵਿਡੰਬਨਾ ਹੈ ਕਿ ਤਬਾਹੀਆਂ ਵੀ ਭਾਜਪਾ ਦੇ ਵੋਟ ਬੈਂਕ ਵਿੱਚ ਵਾਧਾ ਕਰਨ ਦਾ ਸਬੱਬ ਬਣ ਰਹੀਆਂ ਹਨ।



