ਮੋਗਾ : ਪੰਜਾਬ ਦੇ ਮੁਲਾਜ਼ਮਾਂ, ਮਜ਼ਦੂਰਾਂ, ਸਮੁੱਚੀ ਟਰੇਡ ਯੂਨੀਅਨ ਤੇ ਕਮਿਊਨਿਸਟ ਲਹਿਰ ਦੇ ਮਹਿਬੂਬ ਆਗੂ ਸ਼ਹੀਦ ਨਛੱਤਰ ਸਿੰਘ ਧਾਲੀਵਾਲ, ਜੋ ਭਾਰਤ ਦੀ ਏਕਤਾ, ਅਖੰਡਤਾ, ਆਪਸੀ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ 21 ਅਕਤੂਬਰ 1988 ਨੂੰ ਸ਼ਹੀਦੀ ਪਾ ਗਏ ਸਨ, ਦੀ ਸ਼ਹਾਦਤ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਸੀ, ਪਰ ਇੱਕ ਗੱਲ ’ਤੇ ਫ਼ਖ਼ਰ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਨਾ ਸਿਰਫ ਦਲੇਰੀ ਅਤੇ ਬੇਬਾਕੀ ਨਾਲ ਦੇਸ਼ ਤੋੜਨ ਵਾਲਿਆਂ ਖਿਲਾਫ ਬਾਦਲੀਲ ਬਹਾਦਰੀ ਨਾਲ ਲੜਦੇ ਸ਼ਹੀਦ ਹੋਏ, ਸਗੋਂ ਆਪਣੇ ਪਿੱਛੇ ਇੱਕ ਦਲੇਰਾਨਾ ਪਰਵਾਰਕ ਵਿਰਾਸਤ ਛੱਡ ਕੇ ਗਏ। ਉਹਨਾ ਦਾ ਸਮੁੱਚਾ ਪਰਵਾਰ ਉਹਨਾਂ ਵੱਲੋਂ ਦਰਸਾਏ ਗਏ ਰਾਹ ’ਤੇ ਆਡੋਲ ਹੈ ਅਤੇ ਪਰਵਾਰ ਦੇ ਮੈਂਬਰ ਗਰੀਬਾਂ, ਮਜ਼ਲੂਮਾਂ, ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਹੋ ਰਹੀਆਂ ਸਮਾਜਿਕ, ਆਰਥਿਕ ਬੇਇਨਸਾਫੀਆਂ ਵਿਰੁੱਧ ਕਮਿਊਨਿਸਟ ਧਿਰਾਂ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਭੂਮਿਕਾ ਨਿਭਾਉਦਿਆਂ ਲੜਾਈ ਦੇ ਮੈਦਾਨ ਵਿੱਚ ਹਨ। ਉਹਨਾਂ ਦੇ ਵੱਡੇ ਪੁੱਤਰ ਕਾਮਰੇਡ ਗੁਰਮੀਤ ਧਾਲੀਵਾਲ ਏਟਕ ਨਾਲ ਸੰਬੰਧਤ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂ ਹਨ ਅਤੇ ਛੋਟੇ ਪੁੱਤਰ ਮਰਹੂਮ ਕਾਮਰੇਡ ਪਰਦੀਪ ਧਾਲੀਵਾਲ ਰੋਡਵੇਜ਼ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂ ਤਾਂ ਸਨ ਹੀ, ਨਾਲ-ਨਾਲ ਉਨ੍ਹਾ ਦਾ ਜ਼ਿਲ੍ਹਾ ਮੋਗਾ ਵਿੱਚ ਨੌਜਵਾਨਾਂ ਦੀ ਜਥੇਬੰਦੀ ਅਤੇ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਉਸਾਰਨ ਵਿੱਚ ਵੱਡਮੁੱਲਾ ਯੋਗਦਾਨ ਸੀ। ਕਾਮਰੇਡ ਧਾਲੀਵਾਲ ਦੇ ਛੋਟੇ ਭਰਾ ਕਾਮਰੇਡ ਗੁਰਮੁਖ ਸਿੰਘ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਰਹੇ। ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੇ ਭਤੀਜੇ ਅਤੇ ਗੁਰਮੁਖ ਸਿੰਘ ਧਾਲੀਵਾਲ ਦੇ ਸਪੁੱਤਰ ਕੁਲਦੀਪ ਭੋਲਾ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦੇ ਸਕੱਤਰ ਅਤੇ ਕਾਮਰੇਡ ਗੁਰਮੁਖ ਸਿੰਘ ਦੇ ਦੂਜੇ ਪੁੱਤਰ ਕਾਮਰੇਡ ਕੁਲਵੰਤ ਸਿੰਘ ਧਾਲੀਵਾਲ ਸਾਬਕਾ ਸਰਪੰਚ ਤੇ ਕਿਸਾਨ ਸਭਾ ਦੇ ਆਗੂ ਹਨ। ਇਸੇ ਤਰ੍ਹਾਂ ਉਹਨਾ ਦੀ ਸਪੁੱਤਰੀ ਰਗਦੀਸ਼ ਕੌਰ ਬਰਾੜ ਆਂਗਣਵਾੜੀ ਵਰਕਰ ਯੂਨੀਅਨ (ਏਟਕ) ਦੀ ਜ਼ਿਲ੍ਹੇ ਦੀ ਆਗੂ ਹੈ।
ਇਸੇ ਪਰਵਾਰ ਵਿੱਚੋਂ ਪ੍ਰਗਟ ਸਿੰਘ ਧਾਲੀਵਾਲ ਅਮਰੀਕਾ ਪ੍ਰਵਾਸ ਕਰਨ ਤੋਂ ਪਹਿਲਾਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਨ ਅਤੇ ਹੁਣ ਇੰਡੋ-ਅਮਰੀਕਨ ਹੈਰੀਟੇਜ ਸੰਸਥਾ ਦੇ ਆਗੂਆਂ ’ਚੋਂ ਇੱਕ ਹਨ।ਸਮੁੱਚੇ ਪਰਵਾਰ ਵਲੋਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਸਾਂਭੀ ਇਨਕਲਾਬੀ ਵਿਰਾਸਤ ਦੇ ਸਨਮਾਨ ’ਚ ਉਹਨਾਂ ਦੇ ਸਪੁੱਤਰ ਕਾਮਰੇਡ ਗੁਰਮੀਤ ਸਿੰਘ ਧਾਲੀਵਾਲ ਅਤੇ ਅਮਰੀਕਾ ਨਿਵਾਸੀ ਨੂੰਹ ਸਵਰਨਜੀਤ ਕੌਰ ਪਤਨੀ ਮਰਹੂਮ ਕਾਮਰੇਡ ਪ੍ਰਦੀਪ ਧਾਲੀਵਾਲ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਮੌਕੇ 51 ਹਜ਼ਾਰ ਰੁਪਏ ਸਹਾਇਤਾ ਭੇਜੀ ਹੈ। ਭਾਰਤੀ ਕਮਿਊਨਿਸਟ ਪਾਰਟੀ ਪਰਵਾਰ ਦੀ ਧੰਨਵਾਦੀ ਹੈ। ਇਹ ਜਾਣਕਾਰੀ ਡਾਕਟਰ ਇੰਦਰਵੀਰ ਗਿੱਲ ਨੇ ਸਾਂਝੀ ਕੀਤੀ।





