ਲੁਧਿਆਣਾ (ਬਲਬੀਰ ਮਾਨ /ਜਗਦੀਸ਼ ਰਾਏ ਬੌਬੀ/ ਹਰਮਿੰਦਰ ਸੇਠ)
ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ, 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ, ਜੋ ਪਾਰਟੀ ਦੇ ਸੌਵੇਂ ਸਾਲ ਦੌਰਾਨ ਹੋ ਰਿਹਾ ਹੈ। ਉਸ ਦੇ ਤਹਿਤ ਦੇਸ਼-ਦੁਨੀਆ ਨੂੰ ਦਰਪੇਸ਼ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਲੋਕ ਚੇਤਨਾ ਪੈਦਾ ਕਰਨ ਲਈ ਪੰਜਾਬ ਵਿੱਚ ਵੱਖ-ਵੱਖ ਜੱਥੇ ਤੋਰੇ ਗਏ ਹਨ। ਇੱਕ ਜੱਥਾ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦਗਾਰ ਤੋਂ ਆਰੰਭ ਹੋ ਕੇ ਬੁੱਧਵਾਰ ਉਸ ਦੀ ਸਮਾਪਤੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਹੋਈ। ਸਵੇਰੇ ਸਭ ਤੋਂ ਪਹਿਲਾਂ ਦੋਰਾਹਾ ਵਿਖੇ ਮੇਨ ਬਾਜ਼ਾਰ ਵਿੱਚ ਜੱਥਾ ਮਾਰਚ ਕੀਤਾ ਗਿਆ, ਰੈਲੀ ਕੀਤੀ ਗਈ ਤੇ ਉਪਰੰਤ ਮਲੌਦ ਵਿਖੇ ਪਾਰਟੀ ਦੇ ਬਲਾਕ ਸਕੱਤਰ ਭਗਵਾਨ ਸਿੰਘ ਸੋਮਲਖੇੜੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਜਨਤਕ ਸਮਾਗਮ ਕੀਤਾ ਗਿਆ, ਜਿਸ ਨੂੰ ਪ੍ਰਮੁੱਖ ਤੌਰ ’ਤੇ ਸੀ ਪੀ ਆਈ ਦੇ ਕੌਮੀ ਸਕੱਤਰੇਤ ਦੇ ਮੈਂਬਰ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਉਹਨਾ ਦੱਸਿਆ ਕਿ ਅੱਜ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਮਹਿੰਗਾਈ ਦੀਆਂ ਸਮੱਸਿਆਵਾਂ ਹਨ। ਦੇਸ਼ ਦਾ ਜੋ ਧਰਮ ਨਿਰਪੱਖ ਤੇ ਜਮਹੂਰੀ ਢਾਂਚਾ ਹੈ, ਉਸ ਨੂੰ ਤਹਿਸ-ਨਹਿਸ ਕਰਨ ਦੀ ਮੋਦੀ ਸਰਕਾਰ ਵੱਲੋਂ ਪੂਰੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ।ਘੱਟ ਗਿਣਤੀਆਂ ’ਤੇ ਕੋਈ ਨਾ ਕੋਈ ਫਰਜ਼ੀ ਕਾਰਨ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ, ਔਰਤਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਦਲਿਤਾਂ ਉਪਰ ਵੀ ਅਖੌਤੀ ਉਚ ਜਾਤੀਆਂ ਵੱਲੋਂ ਹਮਲੇ ਵਧ ਗਏ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਸਾਰੀਆਂ ਸੰਵਿਧਾਨਿਕ ਸੰਸਥਾਵਾਂ, ਇੱਥੋਂ ਤੱਕ ਕਿ ਨਿਆਂ ਪਾਲਿਕਾ ਅਤੇ ਚੋਣ ਕਮਿਸ਼ਨ ਵੀ ਇਸ ਸਰਕਾਰੀ ਦਬਾਅ ਤੋਂ ਬਾਹਰ ਨਹੀਂ ਰਹੇ। ਇਸ ਲਈ ਕਮਿਊਨਿਸਟ ਪਾਰਟੀ ਦੇ ਸਾਹਮਣੇ ਸੰਵਿਧਾਨ ਦੀ ਰਾਖੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਬਹੁਤ ਵੱਡਾ ਕੰਮ ਸਾਹਮਣੇ ਖੜਾ ਹੈ। ਮਹਾਂ-ਸੰਮੇਲਨ ਵਿੱਚ ਇਹਨਾਂ ਬਾਰੇ ਚਰਚਾ ਵੀ ਹੋਏਗੀ ਤੇ ਇਹਨਾਂ ਦੇ ਹੱਲ ਕਰਨ ਦੇ ਲਈ ਦਿਸ਼ਾ ਵੀ ਨਿਰਧਾਰਿਤ ਕੀਤੀ ਜਾਏਗੀ। ਮਲੌਦ ਤੋਂ ਇਹ ਜਥਾ ਪਿੰਡ ਸਰਾਭਾ ਪੁੱਜਾ, ਜਿੱਥੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਨੂੰ ਹਾਰ ਪਾ ਕੇ ਉਹਨਾ ਵੱਲੋਂ ਦਿਖਾਏ ਗਏ ਕਦਮਾਂ ’ਤੇ ਚੱਲਣ ਦਾ ਪ੍ਰਣ ਲਿਆ ਗਿਆ। ਜਥਾ ਮਾਰਚ ਵਿੱਚ ਬੋਲਣ ਵਾਲੇ ਸਾਥੀਆਂ ਵਿੱਚ ਡੀ ਪੀ ਮੌੜ, ਐੱਮ ਐੱਸ ਭਾਟੀਆ, ਚਮਕੌਰ ਸਿੰਘ, ਨਰੇਸ਼ ਗੌੜ, ਡਾਕਟਰ ਅਰੁਣ ਮਿਤਰਾ, ਡਾਕਟਰ ਰਜਿੰਦਰ ਪਾਲ, ਰਮੇਸ਼ ਰਤਨ, ਵਿਜੇ ਕੁਮਾਰ, ਗੁਲਜ਼ਾਰ ਪੰਧੇਰ, ਗੁਰਮੇਲ ਮੇਹਲੀ, ਜਗਦੀਸ਼ ਬੌਬੀ, ਨਿਰੰਜਨ ਸਿੰਘ, ਹਰਮਿੰਦਰ ਸੇਠ ਆਦਿ ਸਨ।





