ਦੋ ਘੁਸਪੈਠੀਏ ਹਲਾਕ

0
100

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸੁਰੱਖਿਆ ਬਲਾਂ ਨੇ ਦੋ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਫੌਜ ਦੀ ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ‘ਐੱਕਸ’ ’ਤੇ ਕਿਹਾ, ‘ਘੁਸਪੈਠ ਦੀ ਸੰਭਾਵਤ ਕੋਸ਼ਿਸ਼ ਬਾਰੇ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਫੌਜ ਤੇ ਪੁਲਸ ਨੇ ਸਾਂਝਾ ਅਪ੍ਰੇਸ਼ਨ ਕੀਤਾ।’
ਮਜੀਠੀਆ ਦੀ ਨਿਆਂਇਕ ਹਿਰਾਸਤ 6 ਤੱਕ ਵਧੀ
ਮੁਹਾਲੀ : ਅਦਾਲਤ ਨੇ ਵੀਰਵਾਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿੱਚ 6 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ। ਮਜੀਠੀਆ ਦੀ ਨਾਭਾ ਦੀ ਨਿਊ ਜੇਲ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਇਸੇ ਤਰ੍ਹਾਂ ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੀ ਵੀ ਸੁਣਵਾਈ ਸੀ, ਜਿਹੜੀ ਕਿ 30 ਅਗਸਤ ’ਤੇ ਪੈ ਗਈ। ਇਸ ਦੌਰਾਨ ਮਜੀਠੀਆ ਦੇ ਵਕੀਲਾਂ ਨੇ ਅਦਾਲਤ ਵਿੱਚ ਦਰਖਾਸਤ ਦੇ ਕੇ ਵਿਜੀਲੈਂਸ ਵੱਲੋਂ ਪੇਸ਼ ਕੀਤੇ ਗਏ 40 ਹਜ਼ਾਰ ਪੰਨਿਆਂ ਦੇ ਚਲਾਨ ਦੀ ਕਾਪੀ ਦੀ ਮੰਗ ਕੀਤੀ ਤਾਂ ਅਦਾਲਤ ਨੇ ਦੋ ਸਤੰਬਰ ਤੱਕ ਇਹ ਕਾਪੀ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ।
ਮੋਦੀ ਤੇ ਜਿਨਪਿੰਗ ਐਤਵਾਰ ਮਿਲਣਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਐਤਵਾਰ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੇ ਮੌਕੇ ’ਤੇ ਦੁਵੱਲੀ ਮੀਟਿੰਗ ਕਰਨਗੇ। ਜਪਾਨ ਦੀ ਦੋ ਦਿਨਾ ਯਾਤਰਾ ਦੀ ਸਮਾਪਤੀ ਤੋਂ ਬਾਅਦ ਮੋਦੀ ਚੀਨ ਜਾਣਗੇ। ਦੁਵੱਲੀ ਗੱਲਬਾਤ ਵਿੱਚ ਟਰੰਪ ਟੈਰਿਫ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਪਿਛਲੇ ਸੱਤ ਸਾਲਾਂ ਵਿੱਚ ਮੋਦੀ ਦਾ ਚੀਨ ਦਾ ਇਹ ਪਹਿਲਾ ਦੌਰਾ ਹੋਵੇਗਾ।