ਕੇਂਦਰੀ ਗ੍ਰਹਿ ਮੰਤਰਾਲੇ ਨੇ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਦੱਸਿਆ ਕਿ 2020-2021 ਦੌਰਾਨ ਦੇਸ਼ ਭਰ ਦੀਆਂ ਬੰਦਰਗਾਹਾਂ ਤੋਂ 11300 ਕਰੋੜ ਰੁਪਏ ਦੀ ਗੈਰਕਾਨੂੰਨੀ ਡਰੱਗਜ਼ ਜ਼ਬਤ ਕੀਤੀ ਗਈ, ਜਿਸ ਵਿੱਚੋਂ 65 ਫੀਸਦੀ (ਲਗਭਗ 7383 ਕਰੋੜ ਰੁਪਏ) ਗੁਜਰਾਤ ਦੀਆਂ ਬੰਦਰਗਾਹਾਂ ਤੋਂ ਜ਼ਬਤ ਕੀਤੀ ਗਈ। ਇਨ੍ਹਾਂ ਵਿੱਚੋਂ ਇਕੱਲੇ ਅਡਾਨੀ ਗਰੁੱਪ ਦੀ ਮੁੰਦਰਾ ਬੰਦਰਗਾਹ ਤੋਂ 6386 ਕਰੋੜ ਦੀਆਂ ਫੜੀਆਂ ਡਰੱਗਜ਼ ਸ਼ਾਮਲ ਹਨ। ਗੁਜਰਾਤ ਦੀ ਹੀ ਪਿਪਾਵਾਵ ਬੰਦਰਗਾਹ ਤੋਂ 180 ਕਰੋੜ, ਮਹਾਰਾਸ਼ਟਰ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ ਤੋਂ 2284 ਕਰੋੜ, ਤਾਮਿਲਨਾਡੂ ਦੀ ਚਿਦੰਬਰਨਾਰ ਬੰਦਰਗਾਹ (ਤੂਤੀਕੋਰਨ) ਤੋਂ 1515 ਕਰੋੜ ਤੇ ਕੋਲਕਾਤਾ ਦੀ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਤੋਂ 78 ਕਰੋੜ ਰੁਪਏ ਦੀਆਂ ਡਰੱਗਜ਼ ਜ਼ਬਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਹੈਰੋਇਨ, ਕੋਕੀਨ, ਟਾ੍ਰਮਾਡੋਲ ਟੇਬਲੈਟ ਤੇ ਇੰਜੈਕਸ਼ਨ ਸ਼ਾਮਲ ਹਨ।
ਇਹ ਕਿਹਾ ਜਾਂਦਾ ਹੈ ਕਿ ਗੁਜਰਾਤ ਦਾ ਸਮੁੰਦਰੀ ਤੱਟ ਲਗਭਗ 1600 ਕਿੱਲੋਮੀਟਰ ਲੰਮਾ ਹੈ, ਜਿਹੜਾ ਭਾਰਤ ਦਾ ਸਭ ਤੋਂ ਲੰਮਾ ਇਲਾਕਾ ਹੈ। ਇਸ ਨਾਲ ਡਰੱਗ ਸਮੱਗਲਰ ਆਸਾਨੀ ਨਾਲ ਪਹੁੰਚ ਜਾਂਦੇ ਹਨ। ਮੁੰਦਰਾ ਬੰਦਰਗਾਹ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬੰਦਰਗਾਹ ਹੈ, ਜਿੱਥੇ ਸਮੱਗਲਿੰਗ ਦਾ ਮਾਲ ਲੁਕੋਣਾ ਆਸਾਨ ਹੋ ਜਾਂਦਾ ਹੈ। ਮੁੰਦਰਾ ਬੰਦਰਗਾਹ ਕੱਛ ਦੀ ਖਾੜੀ ਵਿੱਚ ਹੈ, ਜਿਹੜਾ ਇਤਿਹਾਸਕ ਤੌਰ ’ਤੇ ਵਪਾਰ ਦਾ ਕੇਂਦਰ ਰਿਹਾ ਹੈ ਅਤੇ ਹੁਣ ਕੌਮਾਂਤਰੀ ਦਰਾਮਦ-ਬਰਾਮਦ ਦਾ ਪ੍ਰਮੁੱਖ ਕੇਂਦਰ ਬਣ ਗਿਆ ਹੈ। ਇਹ ਬੰਦਰਗਾਹ ਅਰਬ ਸਾਗਰ ਦੇ ਰਣਨੀਤਕ ਵਪਾਰ ਮਾਰਗ ’ਤੇ ਸਥਿਤ ਹੈ, ਜਿਸ ਦੀ ਸਮੱਗਲਰ ਵਰਤੋਂ ਕਰਦੇ ਹਨ।
ਕਿਸੇ ਬੰਦਰਗਾਹ ਨੂੰ ਇਹ ਕਹਿ ਕੇ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਕਿ ਉੱਥੇ ਜਿੰਨਾ ਮਾਲ ਉਤਰਦਾ-ਚੜ੍ਹਦਾ ਹੈ, ਉਸ ਸਾਰੇ ਦੀ ਡੂੰਘਾਈ ਵਿੱਚ ਚੈਕਿੰਗ ਸੰਭਵ ਨਹੀਂ। ਸਾਰੇ ਕੰਟੇਨਰ ਚੈੱਕ ਨਹੀਂ ਕੀਤੇ ਜਾ ਸਕਦੇ। ਡਰੱਗ ਦਾ ਕਾਰੋਬਾਰ ਸਥਾਨਕ ਲੋਕਾਂ ਦੇ ਮਿਲਵਰਤਣ ਤੋਂ ਬਿਨਾਂ ਸੰਭਵ ਨਹੀਂ। ਕੌਮਾਂਤਰੀ ਸਮੱਗਲਰ ਤਾਂ ਡਰੱਗਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦਰਗਾਹ ਤੱਕ ਪੁੱਜਦਾ ਕਰਦੇ ਹਨ। ਉਸ ਨੂੰ ਉੱਤਰ ਭਾਰਤ, ਖਾਸਕਰ ਦਿੱਲੀ ਤੇ ਪੰਜਾਬ ਵਿੱਚ ਕੌਣ ਪਹੁੰਚਾਉਦੇ ਹਨ। ਜਾਂਚ ਏਜੰਸੀਆਂ ਡਰੱਗ ਮਾਫੀਆ ਦੇ ਇਸ ਗੱਠਜੋੜ ਨੂੰ ਕਿਉ ਨਹੀਂ ਤੋੜ ਪਾ ਰਹੀਆਂ। ਆਖਰ ਇਸ ਨੂੰ ਕਿਸ ਦੀ ਸਰਪ੍ਰਸਤੀ ਹਾਸਲ ਹੈ। ਆਪੋਜ਼ੀਸ਼ਨ ਪਾਰਟੀਆਂ ਦੋਸ਼ ਲਾਉਦੀਆਂ ਆ ਰਹੀਆਂ ਹਨ ਕਿ ਡਰੱਗਜ਼ ਦੀ ਕਾਲੀ ਕਮਾਈ ਵਿੱਚੋਂ ਭਾਜਪਾ ਆਗੂਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਿੱਸਾ ਮਿਲਦਾ ਹੈ। ਇਸੇ ਕਰਕੇ ਦੇਸ਼ ਵਿਚਲੇ ਸਮੱਗਲਰਾਂ ਨੂੰ ਫੜਨ ਵਿੱਚ ਮੁਸ਼ਕਲ ਆਉਦੀ ਹੈ। ਅਡਾਨੀ ਗਰੁੱਪ ਇਹ ਕਹਿ ਕੇ ਬਚ ਜਾਂਦਾ ਹੈ ਕਿ ਉਹ ਸਿਰਫ ਮਾਲ ਨੂੰ ਸੰਭਾਲਦਾ ਹੈ ਅਤੇ ਮਾਲ ਦੀ ਜਾਂਚ ਕਰਨ ਦਾ ਅਧਿਕਾਰ ਕੇਂਦਰੀ ਏਜੰਸੀਆਂ ਕੋਲ ਹੈ। ਕੇਂਦਰੀ ਏਜੰਸੀਆਂ ਗੁਜਰਾਤ ਦੇ ਦੋ ਵੱਡੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਟਰੋਲ ਵਿੱਚ ਹਨ। ਇਸ ਕਰਕੇ ਇਨ੍ਹਾਂ ਦੋਹਾਂ ਦੀ ਹੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੌਜਵਾਨੀ ਨੂੰ ਤਬਾਹ ਕਰ ਰਹੀ ਡਰੱਗਜ਼ ਦੇ ਭਾਰਤ ਵਿੱਚ ਦਾਖਲੇ ਨੂੰ ਰੋਕਣ ਲਈ ਬੰਦਰਗਾਹਾਂ ’ਤੇ ਚੌਕਸੀ ਵਧਾਉਣ।



