ਜਲੰਧਰ : ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ, ਪ੍ਰਧਾਨ ਰਜਿੰਦਰ ਪਾਲ ਕੌਰ, ਸੂਬਾ ਸਰਪ੍ਰਸਤ ਨਰਿੰਦਰ ਪਾਲ ਅਤੇ ਚੇਅਰਪਰਸਨ ਕੁਸ਼ਲ ਭੌਰਾ ਨੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਕੌਮੀ ਪ੍ਰਧਾਨ ਡਾ. ਸਈਦਾ ਹਮੀਦ ’ਤੇ ਭਗਵਾਂਧਾਰੀਆਂ ਵੱਲੋਂ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। 26 ਅਗਸਤ ਨੂੰ ਦਿੱਲੀ ਵਿੱਚ ਪਟੇਲ ਹਾਊਸ ਦੇ ਕਾਂਸਟੀਚਊਸ਼ਨ ਕਲੱਬ ਵਿੱਚ ਬੁੱਧੀਜੀਵੀਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਸੀ, ਜਿਸ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ ਸ਼ਾਮਲ ਸਨ, ਜੋ ਕਿ ਅਸਾਮ ਵਿੱਚ ਆਦਿਵਾਸੀਆਂ ਨੂੰ ਜੰਗਲਾਂ ਵਿੱਚੋਂ ਕੱਢ ਕੇ ਡਿਟੈਂਸ਼ਨ ਕੈਂਪਾਂ ਵਿੱਚ ਭੇਜਣ ਦੇ ਵਿਰੋਧ ਵਿੱਚ ਸੀ ।ਅਸਾਮ ਦੇ ਹਜ਼ਾਰਾਂ ਏਕੜ ਜੰਗਲ ਜਿਸ ਵਿੱਚ ਹਜ਼ਾਰਾਂ ਹੀ ਜੰਗਲੀ ਲੋਕ ਰਹਿੰਦੇ ਸਨ ਅਤੇ ਜੰਗਲੀ ਵਸਤੂਆਂ ਰਾਹੀਂ ਆਪਣਾ ਰੋਟੀ-ਰੋਜ਼ੀ ਕਮਾ ਰਹੇ ਸਨ, ਦੀ ਜ਼ਮੀਨ ਕੌਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਵੇਚ ਦਿੱਤੀ ਗਈ ਹੈ ਅਤੇ ਜੰਗਲ ਵਾਸੀਆਂ ਨੂੰ ਚੁੱਕ ਕੇ ਡਿਟੈਂਸ਼ਨ ਸੈਂਟਰਾਂ ਵਿੱਚ ਭੇਜ ਦਿੱਤਾ ਗਿਆ ਹੈ।ਇਹ ਇਸ ਲਈ ਕੀਤਾ ਗਿਆ ਹੈ ਕਿ ਉਹ ਆਪਣੇ ਹੱਕ ਵਿੱਚ ਆਵਾਜ਼ ਬੁਲੰਦ ਨਾ ਕਰ ਸਕਣ ਅਤੇ ਲੋਕਾਂ ਨੂੰ ਉਹਨਾਂ ਨਾਲ ਹੋਏ ਜ਼ੁਲਮ ਦਾ ਪਤਾ ਨਾ ਲੱਗੇ।ਇਸ ਸਿਲਸਿਲੇ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਬੁੱਧੀਜੀਵੀਆਂ ਉੱਤੇ ਭਗਵੇਂ ਕੱਪੜੇ ਪਾ ਕੇ ਹੱਥਾਂ ਵਿੱਚ ਬੈਨਰ ਫੜ ਕੇ ਹਮਲਾ ਕਰਵਾਉਣਾ ਬੋਲਣ ਦੀ ਆਜ਼ਾਦੀ, ਜੋ ਕਿ ਸਾਡਾ ਮੁਢਲਾ ਅਧਿਕਾਰ ਹੈ, ’ਤੇ ਹਮਲਾ ਹੈ।ਸਰਕਾਰ ਕਾਰਪੋਰੇਟਾਂ ਕੋਲ ਵਿਕ ਚੁੱਕੀ ਹੈ ਅਤੇ ਇਹ ਬਰਦਾਸ਼ਤ ਨਹੀਂ ਕਰਦੀ ਕਿ ਕੋਈ ਵਿਰੋਧ ਵਿੱਚ ਇੱਕ ਸ਼ਬਦ ਵੀ ਬੋਲੇ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਕਲੱਬ ਵਿੱਚੋਂ ਬਾਹਰ ਆਉਦੇ ਹੀ ਉਹਨਾਂ ਨੂੰ ਪੈਸੇ ਵੰਡੇ ਗਏ।ਪੰਜਾਬ ਇਸਤਰੀ ਸਭਾ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਨਾਲ ਇੱਕਜੁਟਤਾ ਦਾ ਇਜ਼ਹਾਰ ਕਰਦੇ ਹੋਏ ਐਕਸ਼ਨ ਉਲੀਕੇਗੀ ਅਤੇ ਸਈਦਾ ਹਮੀਦ ਅਤੇ ਬੁੱਧੀਜੀਵੀਆਂ ’ਤੇ ਹੋਏ ਹਮਲੇ ਦਾ ਵਿਰੋਧ ਵੀ ਕਰੇਗੀ। ਉਹ ਅਸਾਮ ਵਿੱਚ ਜੰਗਲੀ ਲੋਕਾਂ ’ਤੇ ਹੋ ਰਹੇ ਜ਼ੁਲਮ ਦੀ ਨਿਖੇਧੀ ਵੀ ਕਰਦੀ ਹੈ।





