ਚੰਡੀਗੜ੍ਹ/ਪਟਿਆਲਾ/ਮਮਦੋਟ (ਗੁਰਜੀਤ ਬਿੱਲਾ/�ਿਸ਼ਨ ਗਰਗ/ਰਜਿੰਦਰ ਸਿੰਘ ਥਿੰਦ/ਜਸਬੀਰ ਸਿੰਘ ਕੰਬੋਜ)
ਸਿੱਖਿਆ ਤੇ ਉਦਯੋਗ ਦੀਆਂ ਲੋੜਾਂ ਦਰਮਿਆਨ ਪਾੜੇ ਨੂੰ ਪੂਰਨ ਲਈ ਸੂਬੇ ਦੇ ਨੌਜਵਾਨਾਂ ਨੂੰ ਅਤਿ-ਆਧੁਨਿਕ ਹੁਨਰ ਅਤੇ ਉਦਮੀ ਮੁਹਾਰਤ ਨਾਲ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਵਿੱਚ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ, ਜਿਸ ਦਾ ਨਾਂਅ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦੇ ਨਾਂਅ ’ਤੇ ਰੱਖਿਆ ਗਿਆ ਹੈ। ਇਹ ਮਾਣਮੱਤੀ ਸੰਸਥਾ ਨੌਜਵਾਨਾਂ ਵਿੱਚ ਨਵੀਨਤਾ, ਰਚਨਾਤਮਕਤਾ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਤ ਕਰੇਗੀ ਅਤੇ ਉਦਯੋਗ ਦੀਆਂ ਲੋੜਾਂ ਮੁਤਾਬਕ ਨੌਜਾਵਾਨਾਂ ਨੂੰ ਸਿੱਖਿਆ ਪ੍ਰਦਾਨ ਕਰੇਗੀ, ਜਿਸ ਨਾਲ ਪੰਜਾਬ ਵਿੱਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੋਵੇਗਾ।ਸ਼ਹੀਦ ਊਧਮ ਸਿੰਘ ਸਕਿੱਲ ਡਿਵੈੱਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਅਧਿਕਾਰਤ ਐਲਾਨ ਸੰਬੰਧੀ ਸਮਾਰੋਹ ਵਿੱਚ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਅਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ।
ਸ਼ਹੀਦ ਊਧਮ ਸਿੰਘ ਸਕਿੱਲ ਡਿਵੈੱਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਲੁਧਿਆਣਾ ਵਿਖੇ ਕੰਬੋਜ ਭਾਈਚਾਰੇ ਵੱਲੋਂ ਦਾਨ ਕੀਤੀ ਗਈ 50 ਏਕੜ ਜ਼ਮੀਨ ’ਤੇ ਸਥਾਪਤ ਕੀਤੀ ਜਾਵੇਗੀ ਅਤੇ ਇਸ ਉੱਤੇ 500 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਇਹ ਯੂਨੀਵਰਸਿਟੀ ਕੈਂਪਸ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਡਿਜੀਟਲ ਕਲਾਸਰੂਮ, ਖੋਜ ਕੇਂਦਰ, ਨਵੀਨਤਾ ਕੇਂਦਰ ਅਤੇ ਇਨਕਿਊਬੇਸ਼ਨ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜੋਕੇ ਯੁੱਗ, ਤਕਨਾਲੋਜੀ-ਸੰਚਾਲਿਤ ਅਰਥ ਵਿਵਸਥਾ, ਨਵੀਨਤਾ, ਉਦਮਤਾ ਅਤੇ ਉਦਯੋਗ ਅਧਾਰਿਤ ਉਦਮਾਂ ਨੂੰ ਉਤਸ਼ਾਹਤ ਕਰਨ ਲਈ ਲੋੜੀਂਦੇ ਹੁਨਰ ਅਤੇ ਸਰੋਤ ਪ੍ਰਦਾਨ ਕਰਨਾ ਹੈ।ਅਮਨ ਅਰੋੜਾ ਅਤੇ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਦਯੋਗ ਦੀਆਂ ਲੋੜਾਂ ਮੁਤਾਬਕ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਾਨਣਾ ਪਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇ ਨਾਲ-ਨਾਲ ਯੂਨੀਵਰਸਿਟੀ ਦੀ ਸਥਾਪਨਾ ਅਤੇ ਸੰਚਾਲਨ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਵਿੱਚ ਮਦਦ ਕੀਤੀ ਜਾਵੇਗੀ।ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਕਿੱਲ ਡਿਵੈੱਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਹੁਨਰ ਵਿਕਾਸ ਅਤੇ ਆਰਥਕ ਵਿਕਾਸ ਨੂੰ ਉਤਸ਼ਾਹਤ ਕਰਨ ਪ੍ਰਤੀ ਪੰਜਾਬ ਸਰਕਾਰ ਦੇ ਯਤਨਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਵਿਹਾਰਕ ਹੁਨਰਾਂ ਅਤੇ ਉਦਯੋਗਿਕ ਭਾਈਵਾਲੀ ’ਤੇ ਧਿਆਨ ਕੇਂਦਰਤ ਕਰਕੇ ਇਹ ਯੂਨੀਵਰਸਿਟੀ ਅਜਿਹੇ ਗ੍ਰੈਜੂਏਟ ਪੈਦਾ ਕਰੇਗੀ, ਜੋ ਰੁਜ਼ਗਾਰ ਹਾਸਲ ਕਰਨ ਦੇ ਸਮਰੱਥ ਹੋਣਗੇ। ਸਿਸੋਦੀਆ ਨੇ ਯੂਨੀਵਰਸਿਟੀ ਲਈ ਜ਼ਮੀਨ ਦਾਨ ਕਰਨ ਅਤੇ ਸਿੱਖਿਆ ਵਿੱਚ ਯੋਗਦਾਨ ਲਈ ਕੰਬੋਜ ਭਾਈਚਾਰੇ ਦੀ ਪ੍ਰਸੰਸਾ ਕੀਤੀ।
ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਕਿੱਲ ਡਿਵੈੱਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਲੁਧਿਆਣਾ ਨੂੰ ਹੁਨਰ ਵਿਕਾਸ ਅਤੇ ਉਦਮਤਾ ਦੇ ਕੇਂਦਰ ਵਿੱਚ ਬਦਲ ਦੇਵੇਗੀ, ਜੋ ਭਾਰਤ ਅਤੇ ਵਿਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰੇਗੀ। ਕੰਬੋਜ ਭਾਈਚਾਰੇ ਲਈ ਇਹ ਪ੍ਰੋਜੈਕਟ ਇੱਕ ਇਤਿਹਾਸਕ ਮੀਲ ਪੱਥਰ ਹੈ, ਜੋ ਸਿੱਖਿਆ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਸ਼ਹੀਦ ਊਧਮ ਸਿੰਘ ਦੀ ਵਿਰਾਸਤ ਦੇ ਸਨਮਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਦਾ ਹੈ।ਇਸ ਮੌਕੇ ਸਿੱਖਿਆ, ਹੁਨਰ ਵਿਕਾਸ ਅਤੇ ਸਸ਼ਕਤੀਕਰਨ ਪ੍ਰਤੀ ਡਾ. ਸੰਦੀਪ ਸਿੰਘ ਕੌੜਾ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਕੰਬੋਜ ਭਾਈਚਾਰੇ ਨੇ ਉਨ੍ਹਾ ਨੂੰ ਇਸ ਯੂਨੀਵਰਸਿਟੀ ਦਾ ‘ਬਾਨੀ ਚਾਂਸਲਰ’ ਘੋਸ਼ਿਤ ਕੀਤਾ। ਡਾ. ਕੌੜਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਧਿਆਨ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ, ਰੋਬੋਟਿਕਸ, ਸਾਈਬਰ ਸੁਰੱਖਿਆ ਅਤੇ ਉਨਤ ਉਦਮਤਾ ਪ੍ਰੋਗਰਾਮਾਂ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ’ਤੇ ਕੇਂਦਰਤ ਹੋਵੇਗਾ।ਇਹ ਸਮਾਰੋਹ ਬਾਬਾ ਬ੍ਰਹਮ ਦਾਸ (ਡੇਰਾ ਬਾਬਾ ਭੂਮਣ ਸ਼ਾਹ, ਸਿਰਸਾ) ਦੇ ਆਸ਼ੀਰਵਾਦ ਨਾਲ ਸ਼ੁਰੂ ਹੋਇਆ, ਜਿਨ੍ਹਾ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਲੱਖਾਂ ਸ਼ਰਧਾਲੂ ਹਨ। ਸਮਾਗਮ ਵਿੱਚ ਵਿਦੇਸ਼ਾਂ ਤੋਂ ਕੰਬੋਜ ਭਾਈਚਾਰੇ ਦੇ ਉੱਘੇ ਆਗੂਆਂ ਨੇ ਆਨਲਾਈਨ ਸ਼ਿਰਕਤ ਕੀਤੀ ਅਤੇ ਯੂਨੀਵਰਸਿਟੀ ਪ੍ਰੋਜੈਕਟ ਪ੍ਰਤੀ ਆਪਣੀ ਨਿਰਸਵਾਰਥ ਵਚਨਬੱਧਤਾ ਦੁਹਰਾਈ। ਇਸ ਤੋਂ ਇਲਾਵਾ ਸਮਾਗਮ ਵਿੱਚ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਮਲਕੀਤ ਥਿੰਦ (ਚੇਅਰਮੈਨ, ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ), ਬਲਵਿੰਦਰ ਸਿੰਘ ਜੰਮੂ ਪ੍ਰਧਾਨ ਇੰਡੀਅਨ ਜਰਨਲਿਸਟਸ ਯੂਨੀਅਨ, ਡਾ. ਅਵਤਾਰ ਸਿੰਘ ਚੇਅਰਮੈਨ ਅਮਨ ਗਰੁੱਪ ਆਫ਼ ਹਾਸਪੀਟਲਜ਼, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਪ੍ਰੋ. ਮਨਜੀਤ ਸਿੰਘ, ਜਸਬੀਰ ਸਿੰਘ ਥਿੰਦ ਅਤੇ ਦੇਸ਼ ਭਰ ਤੋਂ ਕੰਬੋਜ ਭਾਈਚਾਰੇ ਦੀਆਂ ਹੋਰ ਉਘੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।




