ਜਲੰਧਰ (ਸ਼ੈਲੀ ਐਲਬਰਟ)
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਓਵਰਆਲ ਐਕੇਡਮਿਕ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਰਿਸਰਚ, ਪਲੇਸਮੈਂਟ ਅਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਕੇਂਦਰੀ ਖੁਦਮੁਖਤਿਆਰ ਸੰਸਥਾ ‘ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ’ ਚੰਡੀਗੜ੍ਹ, ਜਿਸ ਨੂੰ ‘ਨਿੱਟਰ’ ਵੀ ਕਿਹਾ ਜਾਂਦਾ ਹੈ, ਵੱਲੋਂ 2024-25 ਲਈ ਨੈਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਕਾਲਜ ਪਿ੍ਰੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਨਿੱਟਰ ਚੰਡੀਗੜ੍ਹ ਵੱਲੋਂ ਪਹਿਲਾਂ ਕੇਵਲ ਉੱਤਰ ਭਾਰਤ ਖੇਤਰ ਵਿੱਚ ਸਥਾਪਤ ਬਹੁ-ਤਕਨੀਕੀ ਕਾਲਜਾਂ ਵਿੱਚੋਂ ਹੀ ਬੈੱਸਟ ਪੋਲੀਟੈਕਨਿਕ ਦੀ ਚੋਣ ਕੀਤੀ ਜਾਂਦੀ ਸੀ, ਪਰ 2023-24 ਤੋਂ ਇਸ ਸੰਸਥਾ ਵੱਲੋਂ ਨੈਸ਼ਨਲ ਪੱਧਰ ’ਤੇ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ । 2024-25 ਲਈ ਭਾਰਤ ਦੇ ਸਮੂਹ ਬਹੁ-ਤਕਨੀਕੀ ਕਾਲਜਾਂ ਵਿੱਚੋਂ ਨੈਸ਼ਨਲ ਪੱਧਰ ਉੱਤੇ ‘ਬੈਸਟ ਪੋਲੀਟੈਕਨਿਕ’ ਦਾ ਖਿਤਾਬ ਹਾਸਲ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾ ਦੱਸਿਆ ਕਿ ਇਹ ਐਵਾਰਡ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਨਿੱਟਰ ਦੇ ਆਡੀਟੋਰੀਅਮ ਹਾਲ ਵਿੱਚ ਉਹਨਾ ਦੇ ਸਥਾਪਨਾ ਦਿਵਸ ਮੌਕੇ ਦਿੱਤਾ ਜਾਵੇਗਾ। ਇਸ ਪ੍ਰਾਪਤੀ ਲਈ ਤਕਨੀਕੀ ਸਿਖਿਆ ਪੰਜਾਬ ਦੇ ਡਾਇਰੈਕਟਰ ਸ੍ਰੀ ਮੋਨਿਸ਼ ਕੁਮਾਰ ਆਈ ਏ ਐੱਸ ਨੇ ਡਾ: ਜਗਰੂਪ ਸਿੰਘ ਨੂੰ ਵਧਾਈ ਦਿੱਤੀ। ਉਹਨਾ ਕਿਹਾ ਕਿ ਇਹ ਪੰਜਾਬ ਤੇ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ।
ਡੀ ਏ ਵੀ ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਜਸਟਿਸ ਐੱਨ ਕੇ ਸੂਦ, ਉਪ ਪ੍ਰਧਾਨ ਜਸਟਿਸ ਪ੍ਰੀਤਮ ਪਾਲ, ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਅਤੇ ਡਾਇਰੈਕਟਰ ਹਾਇਰ ਐਜੂਕੇਸ਼ਨ, ਡੀ ਏ ਵੀ ਮੈਨੇਜਮੈਂਟ ਸ਼ਿਵਰਮਨ ਗੌੜ ਸਾਬਕਾ ਆਈ ਏ ਐੱਸ ਨੇ ਵੀ ਪਿ੍ਰੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੂੰ ਪੰਜ ਵਾਰ ਉਤਰ ਭਾਰਤ ਖੇਤਰ ਵਿੱਚੋਂ ਨਿੱਟਰ ਵੱਲੋਂ ਐਵਾਰਡ ਮਿਲ ਚੁੱਕਿਆ ਹੈ।





