ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਬੱਦਲ ਫਟਣ ਕਾਰਨ ਦੋ ਭਰਾਵਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇੱਕ ਹੋਰ ਲਾਪਤਾ ਵਿਅਕਤੀ ਦੀ ਭਾਲ ਜਾਰੀ ਸੀ। ਸ਼ੁੱਕਰਵਾਰ ਰਾਤ ਲਗਭਗ 11.30 ਵਜੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 25 ਕਿੱਲੋਮੀਟਰ ਦੂਰ ਸਥਿਤ ਪਿੰਡ ਰਾਜਗੜ੍ਹ ਵਿੱਚ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ। ਮਿ੍ਰਤਕਾਂ ਦੀ ਪਛਾਣ ਅਸ਼ਵਨੀ ਸ਼ਰਮਾ (24), ਉਸ ਦੇ ਭਰਾ ਦਵਾਰਕਾ ਨਾਥ (55), ਭਤੀਜੀ ਵੀਰਤਾ ਦੇਵੀ (26) ਅਤੇ ਉਨ੍ਹਾਂ ਦੇ ਮਹਿਮਾਨ ਓਮ ਰਾਜ (38), ਜੋ ਰਾਜਗੜ੍ਹ ਦੇ ਬਾਂਸਰਾ ਦਾ ਰਹਿਣ ਵਾਲਾ ਸੀ, ਵਜੋਂ ਹੋਈ ਹੈ। ਬਚਾਅਕਰਮੀ ਸ਼ਰਮਾ ਦੀ ਭਰਜਾਈ ਬਿਦਿਆ ਦੇਵੀ (55) ਦੀ ਭਾਲ ਕਰ ਰਹੇ ਸਨ।
ਉੱਧਰ ਰਿਆਸੀ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਘਰ ਦੀ ਲਪੇਟ ਵਿੱਚ ਆਉਣ ਨਾਲ ਇੱਕੋ ਪਰਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਘਟਨਾ ਮਾਹੋਰ ਦੇ ਬਦਦਰ ਪਿੰਡ ਵਿੱਚ ਭਾਰੀ ਬਾਰਿਸ਼ ਕਾਰਨ ਹੋਈ। ਮਿ੍ਰਤਕਾਂ ਦੀ ਪਛਾਣ ਨਜ਼ੀਰ ਅਹਿਮਦ (38), ਉਸ ਦੀ ਪਤਨੀ ਵਜ਼ੀਰਾ ਬੇਗਮ (35) ਅਤੇ ਉਨ੍ਹਾਂ ਦੇ ਪੁੱਤਰਾਂ ਬਿਲਾਲ ਅਹਿਮਦ (13), ਮੁਹੰਮਦ ਮੁਸਤਫਾ (11), ਮੁਹੰਮਦ ਆਦਿਲ (8), ਮੁਹੰਮਦ ਮੁਬਾਰਕ (6) ਅਤੇ ਮੁਹੰਮਦ ਵਸੀਮ (5) ਵਜੋਂ ਹੋਈ ਹੈ। ਨਜ਼ੀਰ ਅਤੇ ਉਸ ਦਾ ਪਰਵਾਰ ਸੁੱਤਾ ਹੋਇਆ ਸੀ।





