ਹੜ੍ਹਾਂ ਨਾਲ ਹੋਈ ਤਬਾਹੀ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ : ਅਰਸ਼ੀ, ਚੌਹਾਨ, ਉੱਡਤ

0
135

ਮਾਨਸਾ (ਆਤਮਾ ਸਿੰਘ ਪਮਾਰ)
ਇਸ ਸਾਲ ਵੀ 2023 ਦੀ ਤਰ੍ਹਾਂ ਭਾਰੀ ਮੀਂਹ ਕਾਰਨ ਹੜ੍ਹਾਂ ਨੇ ਕਿਸਾਨਾਂ ਦੀਆਂ ਫਸਲਾਂ, ਦੁਧਾਰੂ ਤੇ ਹੋਰ ਪਸ਼ੂਆਂ ਸਮੇਤ ਗ਼ਰੀਬਾਂ ਦੇ ਘਰ ਢਹਿ-ਢੇਰੀ ਹੋਣ ਕਾਰਨ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਤੇ ਸੀ ਪੀ ਆਈ ਦੇ ਸੀਨੀਅਰ ਆਗੂ ਅਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰ ਨੇ ਬਰਸਾਤ ਦੇ ਦਿਨਾਂ ’ਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਨਹਿਰਾਂ, ਨਦੀਆਂ, ਨਾਲਿਆਂ ਦੀ ਸਫਾਈ ਵੀ ਨਹੀਂ ਕਰਵਾਈ ਗਈ, ਜਿਸ ਕਾਰਨ ਵੱਡੀ ਪੱਧਰ ’ਤੇ ਨਹਿਰਾਂ, ਰਜਵਾਹੇ ਟੁੱਟ ਗਏ ਹਨ ਅਤੇ ਕਿਸਾਨਾਂ ਦੀਆਂ ਪੱਕਣ ’ਤੇ ਆਈਆਂ ਧੀਆਂ-ਪੁੱਤਾਂ ਵਾਂਗੂ ਪਾਲੀਆਂ ਹੋਈਆਂ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਹਨ। ਜ਼ਿਆਦਾ ਮੀਂਹ ਪੈਣ ਕਾਰਨ ਕੁਦਰਤੀ ਕਰੋਪੀ ਨੇ ਦੁਧਾਰੂ ਪਸ਼ੂਆਂ ਤੇ ਭੇਡਾਂ-ਬੱਕਰੀਆਂ ਬਗੈਰਾ ਦਾ ਵੀ ਕਾਫ਼ੀ ਨੁਕਸਾਨ ਕਰ ਦਿੱਤਾ, ਗਰੀਬ ਲੋਕਾਂ ਦੇ ਮਕਾਨ ਡਿੱਗ ਗਏ ਅਤੇ ਬਹੁਤ ਸਾਰੇ ਡਿੱਗਣ ਕਿਨਾਰੇ ਹਨ। ਕਿਸਾਨ ਆਗੂਆਂ ਨੇ ਵਿਰੋਧੀ ਰਾਜਨੀਤਕ ਪਾਰਟੀਆਂ ’ਤੇ ਦੋਸ਼ ਲਾਉਦਿਆਂ ਕਿਹਾ ਕਿ ਉਹਨਾਂ ਦੀਆਂ ਸਰਕਾਰਾਂ ਦੌਰਾਨ ਵੀ ਇਹੀ ਕੁੱਝ ਵਾਪਰਦਾ ਰਿਹਾ ਹੈ, ਪਰ ਹੁਣ ਉਹ ਸਿਆਸੀ ਰੋਟੀਆਂ ਸੇਕ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੀਆਂ ਸਰਕਾਰਾਂ ਵੇਲੇ ਇਸ ਕਰੋਪੀ ਨੂੰ ਕੁਦਰਤ ਦਾ ਕਹਿਰ ਕਹਿਣ ਦੀ ਬਜਾਏ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਦਾ ਰਿਹਾ ਹੈ, ਪਰ ਖ਼ੁਦ ਉਨ੍ਹਾਂ ਤੋਂ ਵੀ ਨਖਿੱਧ ਮੁੱਖ ਮੰਤਰੀ ਸਾਬਤ ਹੋਇਆ ਹੈ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਘਰੋਂ ਬੇਘਰ ਹੋਏ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ, ਬਿਮਾਰੀਆਂ ਫੈਲਣ ਤੋਂ ਰੋਕਣ ਲਈ ਦਵਾਈਆਂ ਤੇ ਬਿਮਾਰੀ ਫੈਲਾਉਣ ਵਾਲੇ ਕੀਟਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਜਾਵੇ, ਫਸਲਾਂ ਦੀ ਬਰਬਾਦੀ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਦੇ ਨੁਕਸਾਨ ਦਾ 100 ਫੀਸਦੀ ਭਰਪਾਈ ਕਰਦਾ ਮੁਆਵਜ਼ਾ ਦਿੱਤਾ ਜਾਵੇ, ਪਸ਼ੂਆਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਵੀ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇ, ਇਸ ਕੁਦਰਤੀ ਆਫ਼ਤ ਨੂੰ ਰੋਕਣ ਲਈ ਨਦੀਆਂ-ਨਾਲਿਆਂ ਦੀ ਸਫਾਈ ਦੇ ਪ੍ਰਬੰਧ ਕੀਤੇ ਜਾਣ ਅਤੇ ਉਸ ਲਈ ਬੱਜਟ ਜੁਟਾਇਆ ਜਾਵੇ, ਨਵੇਂ ਡੈਮ ਬਣਵਾ ਕੇ ਵਾਧੂ ਦਰਿਆਈ ਪਾਣੀ ਨੂੰ ਇਕੱਠਾ ਕਰਕੇ ਦੁਬਾਰਾ ਲੋੜ ਪੈਣ ’ਤੇ ਫਸਲਾਂ ਦੀ ਸਿੰਚਾਈ ਅਤੇ ਪਣ ਬਿਜਲੀ ਪੈਦਾ ਕਰਨ ਲਈ ਵਰਤੋਂ ਦਾ ਪ੍ਰਬੰਧ ਕੀਤਾ ਜਾਵੇ, ਪਹਿਲਾਂ ਵਾਲੇ ਡੈਮਾਂ ਦੀ ਸਫਾਈ ਕਰਾ ਕੇ ਉਸ ਨੂੰ ਪੂਰੀ ਸਮਰੱਥਾ ’ਚ ਪਾਣੀ ਜਮ੍ਹਾਂ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਧਰਤੀ ਵਿੱਚ ਰੀਚਾਰਜਿੰਗ ਲਈ ਦਰਿਆਵਾਂ ਦੇ ਕਿਨਾਰਿਆਂ ਅਤੇ ਖੇਤਾਂ ਦੇ ਨੀਵੇਂ ਖੇਤਰਾਂ ਵਿੱਚ ਵਿਆਪਕ ਪ੍ਰਬੰਧ ਕੀਤੇ ਜਾਣ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ’ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਉਹਨਾਂ ਸਮੂਹ ਲੋਕਾਂ ਨੂੰ ਇਸ ਅਨੋਖੀ ਘੜੀ ਦੌਰਾਨ ਆਪਣਾ ਫਰਜ਼ ਸਮਝਦਿਆਂ ਹਰ ਸੰਭਵ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ, ਕੇਵਲ ਸਿੰਘ ਸਮਾਓਂ ਜ਼ਿਲ੍ਹਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ, ਮਲਕੀਤ ਸਿੰਘ ਮੰਦਰਾਂ, ਕਰਨੈਲ ਸਿੰਘ ਭੀਖੀ, ਸੀਤਾਰਾਮ ਗੋਬਿੰਦਪੁਰਾ ਆਦਿ ਆਗੂ ਵੀ ਹਾਜ਼ਰ ਸਨ।