ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਨੂੰ ਸਮਰਪਿਤ ਖੇਤੀ ਸੈਮੀਨਾਰ 7 ਨੂੰ ਲੁਧਿਆਣਾ ’ਚ

0
113

ਲੁਧਿਆਣਾ (ਗਿਆਨ ਸੈਦਪੁਰੀ)
ਆਮ ਤੌਰ ’ਤੇ ਖੇਤੀਬਾੜੀ ਦੇ ਵਰਤਾਰੇ ਨੂੰ ਸਿਰਫ ਕਿਸਾਨਾਂ ਤੱਕ ਸੀਮਤ ਕਰਕੇ ਵੇਖਿਆ ਜਾਂਦਾ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਇਸ ਵਿੱਚ ਭੋਜਨ ਅਤੇ ਹੋਰ ਵਸਤਾਂ ਪੈਦਾ ਕਰਨ ਲਈ ਪੌਦਿਆਂ ਅਤੇ ਜਾਨਵਰਾਂ ਦੀ ਪਾਲਣ-ਪੋਸ਼ਣਾ ਵੀ ਸ਼ਾਮਲ ਹੈ। ਖੇਤੀ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਤੇ ਵਧਾਉਣ ਲਈ ਕੀਤੀ ਜਾਂਦੀ ਹੈ। ਕਿਹਾ ਜਾ ਸਕਦਾ ਹੈ ਕਿ ਸਾਹ ਲੈਂਦਾ ਹਰ ਬੰਦਾ ਖੇਤੀ ਨਾਲ ਸੰਬੰਧਤ ਹੈ। ਇਹ ਮੰਜ਼ਰ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਅਤੇ ਜਿੱਤੇ ਗਏ ਅੰਦੋਲਨ ਦੌਰਾਨ ਅਸੀਂ ਤੱਕ ਚੁੱਕੇ ਹਾਂ। ਖੇਤੀਬਾੜੀ ਦੇ ਅਧਿਐਨ ਨੂੰ ਖੇਤੀਬਾੜੀ ਵਿਗਿਆਨ ਆਖਿਆ ਜਾਂਦਾ ਹੈ। ਵਿਗਿਆਨਕ ਅਤੇ ਸਮਾਜਿਕ ਨਜ਼ਰੀਏ ਤੋਂ ਇਸ ਖੇਤਰ ਨੂੰ ਸਮਝਣ-ਸਮਝਾਉਣ ਲਈ ਖੇਤੀ ਮਾਹਰਾਂ ’ਤੇ ਅਧਾਰਤ 7 ਸਤੰਬਰ ਨੂੰ ਲੁਧਿਆਣਾ ਵਿੱਚ ਇੱਕ ਸੈਮੀਨਾਰ ਹੋਵੇਗਾ। ਇਹ ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਨੂੰ ਸਮਰਪਿਤ ਹੋਵੇਗਾ, ਜੋ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਿਹਾ ਹੈ। ‘ਖੇਤੀ ਸੰਕਟ, ਖੇਤੀ ਨੀਤੀ ਅਤੇ ਸਰਵਪੱਖੀ ਵਿਕਾਸ’ ਇਸ ਸੈਮੀਨਾਰ ਦਾ ਵਿਸ਼ਾ ਹੋਵੇਗਾ। ਸੈਮੀਨਾਰ ਦੇ ਮੁੱਖ ਵਕਤਾ ਖੇਤੀ ਮਾਹਰ ਡਾ. ਦਵਿੰਦਰ ਸ਼ਰਮਾ ਹੋਣਗੇ। ਉਕਤ ਸਾਰ ਤੱਤ ਹੈ, ਕਰਨੈਲ ਸਿੰਘ ਈਸੜੂ ਭਵਨ ਵਿੱਚ ਅੰਤਰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਦਾ, ਜੋ ਖੇਤੀ ’ਤੇ ਸੈਮੀਨਾਰ ਕਰਵਾ ਰਹੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰੇਤ ਦੀ ਮੈਂਬਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਕਾਮਰੇਡ ਡੀ.ਪੀ ਮੌੜ, ਸਹਾਇਕ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਐੱਮ ਐੱਸ ਭਾਟੀਆ, ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਡਾ. ਰਜਿੰਦਰ ਪਾਲ ਸਿੰਘ ਔਲਖ, ਸੂਬਾ ਕੌਂਸਲ ਮੈਂਬਰ ਕਾਮਰੇਡ ਨਰੇਸ਼ ਗੌੜ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਜਲੰਧਰ ਕਾਮਰੇਡ ਰਸ਼ਪਾਲ ਕੈਲੇ, ਜ਼ਿਲ੍ਹਾ ਸਕੱਤਰ ਸੀ ਪੀ ਆਈ ਨਵਾਂ ਸ਼ਹਿਰ ਕਾਮਰੇਡ ਨਿਰੰਜਨ ਦਾਸ ਮੇਹਲੀ, ਮੀਤ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ ਅਤੇ ਕਾਮਰੇਡ ਵੀਨਾ ਸ਼ਾਮਲ ਹੋਏ।ਮੀਟਿੰਗ ਵਿੱਚ ਹੋਏ ਫੈਸਲਿਆਂ ਅਨੁਸਾਰ ਸੈਮੀਨਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।ਸੰਬੰਧਤ ਜ਼ਿਲ੍ਹਿਆਂ ਵਿੱਚੋਂ ਹਰੇਕ ਜ਼ਿਲ੍ਹਾ ਆਗੂ 25 ਸਾਥੀਆਂ ਦੀ ਸੈਮੀਨਾਰ ਵਿੱਚ ਸ਼ਮੂਲੀਅਤ ਯਕੀਨੀ ਬਣਾਏਗਾ। ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਸਮੇਤ ਸੰਬੰਧਤ ਜ਼ਿਲ੍ਹਿਆਂ ਦੇ ਸਕੱਤਰ ਪ੍ਰਧਾਨਗੀ ਮੰਡਲ ਵਿੱਚ ਬੈਠਣਗੇ। ਸੰਸਥਾਵਾਂ ਦੇ ਮਹੱਤਵਪੂਰਨ ਆਗੂ ਵੀ ਸਟੇਜ ਦਾ ਹਿੱਸਾ ਹੋਣਗੇ। ਡਾ. ਰਜਿੰਦਰ ਪਾਲ ਸਿੰਘ ਔਲਖ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣਗੇ।ਮੀਟਿੰਗ ਵਿੱਚ ਹੋਏ ਫੈਸਲਿਆਂ ਸੰਬੰਧੀ ਜ਼ਿਲ੍ਹਾ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਆਗੂਆਂ ਨੂੰ ਫੋਨ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।