ਨਵੀਂ ਦਿੱਲੀ : ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ, ‘‘ਮੈਂ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਆਪਣੇ ਕਿਸਾਨ ਭਰਾਵਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਕਿਸੇ ਵੀ ਗੱਲ ’ਤੇ ਪਛਤਾਵਾ ਨਾ ਕਰਨ। ਸੰਕਟ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਉਨ੍ਹਾਂ ਨਾਲ ਹੈ। ਮੈਂ ਜਲਦੀ ਹੀ ਪੰਜਾਬ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਾਂਗਾ ਤੇ ਕਿਸਾਨਾਂ ਨਾਲ ਮੁਲਾਕਾਤ ਕਰਾਂਗਾ।’’
ਸ਼ਾਹ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਰਾਜਪਾਲ ਅਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਅਤੇ ਪ੍ਰਭਾਵਤ ਲੋਕਾਂ ਦੇ ਬਚਾਅ ਤੇ ਰਾਹਤ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸ਼ਾਹ ਨੇ ਦੋਵਾਂ ਨੂੰ ਹੜ੍ਹਾਂ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਮੋਦੀ ਵੱਲੋਂ ਪੁਤਿਨ ਨੂੰ ਜੰਗ ਖਤਮ ਕਰਨ ਦੀ ਅਪੀਲ
ਤਿਆਨਜਿਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਜਿੰਨੀ ਜਲਦੀ ਹੋ ਸਕੇ, ਖਤਮ ਕਰਨਾ ਮਨੁੱਖਤਾ ਦਾ ਸੱਦਾ ਹੈ। ਮੋਦੀ ਨੇ ਕਿਹਾ, ‘‘ਅਸੀਂ ਯੂਕਰੇਨ ਵਿੱਚ ਸ਼ਾਂਤੀ ਲਿਆਉਣ ਲਈ ਸਾਰੇ ਹਾਲੀਆ ਯਤਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਰੀਆਂ ਸੰਬੰਧਤ ਧਿਰਾਂ ਰਚਨਾਤਮਕ ਢੰਗ ਨਾਲ ਅੱਗੇ ਵਧਣਗੀਆਂ।’’ ਉਨ੍ਹਾ ਕਿਹਾ ਕਿ ਮਨੁੱਖਤਾ ਦਾ ਸੱਦਾ ਹੈ ਕਿ ਇਸ ਸੰਘਰਸ਼ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਲਿਆਉਣ ਦੇ ਤਰੀਕੇ ਲੱਭੇ ਜਾਣ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਰੂਸੀ ਆਗੂ ਦੀ ਉਡੀਕ ਕਰ ਰਿਹਾ ਹੈ। ਪੁਤਿਨ ਦਸੰਬਰ ਵਿੱਚ ਮੋਦੀ ਨਾਲ ਸਿਖਰ ਸੰਮੇਲਨ ਦੀ ਗੱਲਬਾਤ ਲਈ ਭਾਰਤ ਦਾ ਦੌਰਾ ਕਰਨ ਵਾਲੇ ਹਨ।




