ਸਰਕਾਰ ਰਾਹਤ ਕਾਰਜ ਤੇਜ਼ ਕਰੇ : ਬੰਤ ਬਰਾੜ

0
125

ਤਰਨ ਤਾਰਨ : ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੀ ਤਰਨ ਤਾਰਨ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕੁਦਰਤੀ ਆਫ਼ਤ ਮੀਂਹ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਕਿਸਾਨਾਂ ਦੀਆਂ ਫਸਲਾਂ ਰੁੜ੍ਹ ਗਈਆਂ ਹਨ ਅਤੇ ਲੋਕਾਂ ਦਾ ਤੇ ਮਾਲ-ਡੰਗਰ ਦਾ ਜਾਨੀ ਨੁਕਸਾਨ ਵੀ ਹੋਇਆ ਹੈ। ਹੜ੍ਹ ਦੇ ਪਾਣੀ ਨਾਲ ਬਹੁਤ ਪਿੰਡ ਤਬਾਹ ਹੋ ਗਏ ਹਨ ਅਤੇ ਲੋਕ ਉੱਚੀਆਂ ਥਾਵਾਂ ’ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ। ਮਹਾਨ ਇਨਕਲਾਬੀ ਅਰਜਨ ਸਿੰਘ ਗੜਗੱਜ ਭਵਨ ਵਿੱਚ ਮੀਟਿੰਗ ਵਿੱਚ ਬੋਲਦਿਆਂ ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੀ ਸਾਰ ਨਹੀਂ ਲੈ ਰਹੀ ਤੇ ਪੰਜਾਬ ਸਰਕਾਰ ਵੀ ਹੜ੍ਹ ਮਾਰੇ ਇਲਾਕਿਆਂ ਵਿੱਚ ਲੇਟ ਪਹੁੰਚੀ ਹੈ। ਜਦੋਂ ਕੁਦਰਤੀ ਆਫ਼ਤ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਫਿਰ ਪੰਜਾਬ ਤੇ ਕੇਂਦਰ ਸਰਕਾਰ ਨੂੰ ਰਾਹਤ ਕਾਰਜ ਬਹੁਤ ਤੇਜ਼ ਕਰਨੇ ਚਾਹੀਦੇ ਹਨ। ਪਹਿਲਾ ਕੰਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਹੈ, ਫਿਰ ਫੌਰੀ ਤੌਰ ’ਤੇ ਉਨ੍ਹਾਂ ਪਰਵਾਰਾਂ ਲਈ ਖੁਰਾਕ ਅਤੇ ਮਾਲ-ਡੰਗਰ ਲਈ ਚਾਰਾ ਮੁਹੱਈਆ ਕਰਨ ਦਾ ਹੈ।
ਬਰਾੜ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਘੱਟੋ-ਘੱਟ ਇੱਕ ਲੱਖ ਰੁਪਏ ਪ੍ਰਤੀ ਏਕੜ ਸਰਕਾਰ ਦੇਵੇ। ਪਸ਼ੂਆਂ ਅਤੇ ਘਰਾਂ ਦੇ ਨੁਕਸਾਨ ਦਾ ਵੱਖਰਾ ਦਿੱਤਾ ਜਾਵੇ। ਇਸੇ ਤਰ੍ਹਾਂ ਮਜ਼ਦੂਰ ਭਰਾਵਾਂ ਪ੍ਰਤੀ ਪਰਵਾਰ 30000 ਰੁਪਏ ਅਤੇ ਨੁਕਸਾਨ ਦੀ ਪੂਰਤੀ ਵੱਖਰੇ ਤੌਰ ’ਤੇ ਕੀਤੀ ਜਾਵੇ। ਉਹਨਾ ਕਿਹਾ ਕਿ ਸੀ ਪੀ ਆਈ ਦੀ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੀਆਂ ਤਿਆਰੀਆਂ ਵਿੱਚ ਕੋਈ ਘਾਟ ਨਹੀਂ ਰਹਿਣੀ ਚਾਹੀਦੀ।ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੌਮੀ ਕਾਂਗਰਸ ਉਸ ਵਕਤ ਹੋ ਰਹੀ ਹੈ, ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਹਿੰਦੁਸਤਾਨ ਦੇ ਕੁਦਰਤੀ ਖਣਿਜ ਪਦਾਰਥ ਧੜਾਧੜ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ। ਦੇਸ਼ ਵਿੱਚ ਫਾਸ਼ੀਵਾਦ ਦਾ ਦੌਰ ਚੱਲ ਰਿਹਾ ਹੈ। ਜਿਹੜਾ ਬੁੱਧੀਜੀਵੀ, ਲੇਖਕ, ਪੱਤਰਕਾਰ ਅਤੇ ਚੈਨਲ ਵਾਲਾ ਮੋਦੀ ਸਰਕਾਰ ਖਿਲਾਫ ਲਿਖਦਾ, ਬੋਲਦਾ ਹੈ, ਉਸ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਬੰਤ ਸਿੰਘ ਬਰਾੜ ਗੋਇੰਦਵਾਲ ਸਾਹਿਬ ਤੋਂ ਅੱਗੇ ਹੜ੍ਹ ਪੀੜਤਾਂ ਦੀ ਸਾਰ ਲੈਣ ਵਾਸਤੇ ਪਿੰਡ ਧੂੰਦਾ ਪਹੁੰਚੇ ਅਤੇ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਆਬਾਦ, ਸਰਦੂਲ ਸਿੰਘ ਧੂੰਦਾ ਅਤੇ ਰਾਣੀ ਧੂੰਦਾ ਦੀ ਅਗਵਾਈ ਹੇਠ ਮੀਟਿੰਗ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਸੁੱਕੀ ਰਸਦ ਪਹੁੰਚਾਵੇ। ਮੀਟਿੰਗ ਨੂੰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਦਵਿੰਦਰ ਸੋਹਲ ਨੇ ਵੀ ਸੰਬੋਧਨ ।ਇਸ ਮੌਕੇ ਇਸਤਰੀ ਸਭਾ ਪਿੰਡ ਧੂੰਦਾ ਦੀ ਆਗੂ ਰਾਜਵਿੰਦਰ ਕੌਰ ਤੇ ਜਰਮਨਜੀਤ ਸਿੰਘ ਨੌਜਵਾਨ ਆਗੂ ਵੀ ਹਾਜ਼ਰ ਸਨ।