ਉਮਰ ਖਾਲਿਦ ਤੇ ਸ਼ਰਜੀਲ ਅੰਦਰ ਹੀ ਰਹਿਣਗੇ!

0
128

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ 2020 ’ਚ ਦਿੱਲੀ ਵਿੱਚ ‘ਵੱਡੀ ਸਾਜ਼ਿਸ਼’ ਦੇ ਕੇਸ ਵਿੱਚ ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ, ਸ਼ਰਜੀਲ ਇਮਾਮ ਤੇ ਹੋਰਨਾਂ ਨੂੰ ਜ਼ਮਾਨਤ ਦੇਣ ਤੋਂ ਮੰਗਲਵਾਰ ਨਾਂਹ ਕਰ ਦਿੱਤੀ। ਕੋਰਟ ਨੇ ਜਿਨ੍ਹਾਂ ਹੋਰਨਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕੀਤੀਆਂ, ਉਨ੍ਹਾਂ ’ਚ ਗੁਲਫਿਸ਼ਾ ਫਾਤਿਮਾ, ਯੂਨਾਈਟਿਡ ਅਗੇਂਸਟ ਹੇਟ ਦੇ ਬਾਨੀ ਖਾਲਿਦ ਸੈਫੀ, ਅਤਹਰ ਖਾਨ, ਮੁਹੰਮ ਸਲੀਮ, ਸ਼ਿਫਾ-ਉਰ-ਰਹਿਮਾਨ, ਮੀਰਾਂ ਹੈਦਰ ਤੇ ਸ਼ਾਦਾਬ ਅਹਿਮਦ ਸ਼ਾਮਲ ਹਨ। ਜਸਟਿਸ ਨਵੀਨ ਚਾਵਲਾ ਤੇ ਜਸਟਿਸ ਸ਼ਲਿੰਦਰ ਕੌਰ ਦੀ ਬੈਂਚ ਨੇ 9 ਜੁਲਾਈ ਨੂੰ ਰਾਖਵਾਂ ਰੱਖਿਆ ਫੈਸਲਾ ਸੁਣਾਉਦਿਆਂ ਕਿਹਾਸਾਰੀਆਂ ਅਪੀਲਾਂ ਰੱਦ।
ਇਸੇ ਸੰਬੰਧ ’ਚ ਇੱਕ ਹੋਰ ਮਾਮਲੇ ’ਤੇ ਸੁਣਵਾਈ ਕਰਨ ਵਾਲੀ ਜਸਟਿਸ ਸੁਬਰਾਮਨੀਅਮ ਪ੍ਰਸਾਦ ਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਵੀ ਤਸਲੀਮ ਅਹਿਮਦ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ।
ਵੇਲੇ ਦੇ ਪ੍ਰਸਤਾਵਤ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰੋਟੈੱਸਟ ਦੌਰਾਨ 23 ਫਰਵਰੀ 2020 ਨੂੰ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਉੱਤਰ-ਪੂਰਬੀ ਦਿੱਲੀ ’ਚ ਝੜਪਾਂ ਨਾਲ ਹੋਈ ਹਿੰਸਾ ਵਿੱਚ 53 ਲੋਕ ਮਾਰੇ ਗਏ ਸਨ ਤੇ ਸੈਂਕੜੇ ਜ਼ਖਮੀ ਹੋ ਗਏ ਸਨ। ਹੇਠਲੀਆਂ ਅਦਾਲਤਾਂ ਤੋਂ ਜ਼ਮਾਨਤ ਨਾ ਮਿਲਣ ’ਤੇ ਮੁਲਜ਼ਮਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਉਹ ਚਾਰ ਤੋਂ ਵੱਧ ਸਾਲਾਂ ਤੋਂ ਜੇਲ੍ਹ ਵਿੱਚ ਹਨ ਅਤੇ ਮੁਕੱਦਮੇ ਦੀ ਸੁਸਤ ਰਫਤਾਰ ਨੇ ਉਨ੍ਹਾਂ ਨੂੰ ਅੰਦਰ ਹੀ ਸੜਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦਲੀਲ ਦਿੱਤੀ ਸੀ ਕਿ ਜਿਵੇਂ 2021 ਵਿੱਚ ਹਾਈ ਕੋਰਟ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਤੇ ਆਸਿਫ ਇਕਬਾਲ ਤਨਹਾ ਨੂੰ ਜ਼ਮਾਨਤ ਦਿੱਤੀ, ਉਨ੍ਹਾਂ ਨੂੰ ਵੀ ਦਿੱਤੀ ਜਾਵੇ।
ਦਿੱਲੀ ਪੁਲਸ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੇ ਅਮਿਤ ਪ੍ਰਸਾਦ ਨੇ ਜ਼ਮਾਨਤਾਂ ਦਾ ਵਿਰੋਧ ਕਰਦਿਆਂ ਕਿਹਾ ਕਿ 2020 ਦੇ ਦੰਗੇ ਆਪਮੁਹਾਰੇ ਨਹੀਂ, ਸਗੋਂ ਸਾਜ਼ਿਸ਼ ਤਹਿਤ ਯੋਜਨਾਬੱਧ ਸਨ। ਇਹ ਧਾਰਮਕ ਵੰਡੀ ਪਾਉਣ ਵਾਲੇ ਤੇ ਦੁਨੀਆ ਵਿੱਚ ਭਾਰਤ ਨੂੰ ਬਦਨਾਮ ਕਰਾਉਣ ਲਈ ਕੀਤੇ ਗਏ।
ਉਮਰ ਖਾਲਿਦ ਪੰਜ ਤੋਂ ਵੱਧ ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਉਸ ਨੇ ਪਿਛਲੇ ਹਫਤੇ ਆਪਣਾ ਪੰਜਵਾਂ ਜਨਮ ਦਿਨ ਤਿਹਾੜ ਜੇਲ੍ਹ ’ਚ ਮਨਾਇਆ ਸੀ। ਉਸ ਨੇ ਜ਼ਮਾਨਤ ਲਈ ਛੇਵੀਂ ਕੋਸ਼ਿਸ਼ ਕੀਤੀ ਸੀ। ਸ਼ਰਜੀਲ ਦੇ ਵਕੀਲ ਅਹਿਮਦ ਇਬਰਾਹੀਮ ਨੇ ਕਿਹਾ ਕਿ ਉਹ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ।