ਪੱਛਮੀ ਬੰਗਾਲ ਉਰਦੂ ਅਕਾਦਮੀ ਨੇ ਕੋਲਕਾਤਾ ਵਿੱਚ 31 ਅਗਸਤ ਤੋਂ 3 ਸਤੰਬਰ ਤੱਕ ਇੱਕ ਸਾਹਿਤਕ ਸਮਾਗਮ ਰੱਖਿਆ ਸੀ, ਜਿਸ ਵਿੱਚ ਉੱਘੇ ਸ਼ਾਇਰ ਜਾਵੇਦ ਅਖਤਰ ਨੂੰ ‘ਹਿੰਦੀ ਸਿਨੇਮਾ ਵਿੱਚ ਉਰਦੂ’ ਵਿਸ਼ੇ ’ਤੇ ਚਰਚਾ ’ਚ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਜਮੀਅਤ ਉਲੇਮਾ-ਇ-ਹਿੰਦ ਕੋਲਕਾਤਾ ਤੇ ਮਰਕਜ਼-ਅਲ-ਵਹਾਯਨ ਦੇ ਜਾਵੇਦ ਅਖਤਰ ਦਾ ਕਰੜਾ ਵਿਰੋਧ ਕਰਨ ਕਰਕੇ ਸਮਾਗਮ ਹੀ ਰੱਦ ਕਰ ਦਿੱਤਾ ਗਿਆ, ਹਾਲਾਂਕਿ ਪ੍ਰਬੰਧਕਾਂ ਨੇ ਕਿਹਾ ਕਿ ਸਮਾਗਮ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਰੱਦ ਕੀਤਾ ਗਿਆ। ਦੋਹਾਂ ਮੁਸਲਮ ਜਥੇਬੰਦੀਆਂ ਨੇ ਸਮਾਗਮ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਜਾਵੇਦ ਅਖਤਰ ਇਸਲਾਮ ਦੀ ਤੌਹੀਨ ਕਰਦੇ ਹਨ। ਜਮਾਤ ਦੇ ਜਨਰਲ ਸਕੱਤਰ ਜ਼ਿਲੁਰ ਰਹਿਮਾਨ ਆਰਿਫ ਨੇ ਕਿਹਾ ਕਿ ਜਾਵੇਦ ਅਖਤਰ ‘ਸ਼ੈਤਾਨ’ ਹਨ ਤੇ ਉਨ੍ਹਾ ਦੀ ਥਾਂ ਕਿਸੇ ਹੋਰ ‘ਕਾਬਲ ਤੇ ਸਤਿਕਾਰਤ ਸੱਜਣ’ ਨੂੰ ਸੱਦਿਆ ਜਾਣਾ ਚਾਹੀਦਾ ਸੀ। ਜਮੀਅਤ ਉਲੇਮਾ-ਇ-ਹਿੰਦ ਦੇ ਮੁਖੀ ਤਿ੍ਰਣਮੂਲ ਕਾਂਗਰਸ ਦੇ ਆਗੂ ਸਿੱਦੀਕ ਉਲ੍ਹਾ ਚੌਧਰੀ ਹਨ, ਜਿਹੜੇ ਕਿ ਸੂਬੇ ਦੇ ਮੰਤਰੀ ਵੀ ਹਨ।
ਪੱਛਮੀ ਬੰਗਾਲ ਉਰਦੂ ਅਕਾਦਮੀ, ਜਿਹੜੀ ਸਰਕਾਰੀ ਫੰਡ ਨਾਲ ਚੱਲਦੀ ਹੈ, ਵੱਲੋਂ ਕੱਟੜਪੰਥੀਆਂ ਦੇ ਅੱਗੇ ਗੋਡੇ ਟੇਕਣ ਦਾ ਵਿਦਵਾਨਾਂ ਨੇ ਬਹੁਤ ਬੁਰਾ ਮਨਾਇਆ ਹੈ। ਕੋਲਕਾਤਾ ਅਧਾਰਤ ਰਿਸਰਚਰ ਸਾਬਿਰ ਅਹਿਮਦ ਨੇ ਕਿਹਾ, ‘ਅਸੀਂ ਕਿੰਨੇ ਅਸਹਿਣਸ਼ੀਲ ਬਣ ਗਏ ਹਾਂ। ਸਾਨੂੰ ਵੱਖ-ਵੱਖ ਵਿਚਾਰਾਂ ਨੂੰ ਸੁਣਨ ਦਾ ਮਾਦਾ ਰੱਖਣਾ ਚਾਹੀਦਾ ਹੈ।’ ਸ਼ਾਇਰ ਤੇ ਫਿਲਮਸਾਜ਼ ਗੌਹਰ ਰਜ਼ਾ ਨੇ ਕਿਹਾ ਹੈ ਕਿ ਹਿੰਦੂ ਕੱਟੜਪੰਥੀਆਂ ਦੇ ਨਾਲ-ਨਾਲ ਮੁਸਲਮ ਕੱਟੜਪੰਥੀ ਵੀ ਤਰਕਸੰਗਤ ਵਿਚਾਰਾਂ ਨੂੰ ਸੁਣਨ ਲਈ ਤਿਆਰ ਨਹੀਂ। ਸਮਾਜੀ ਕਾਰਕੁਨ ਮੰਜ਼ਰ ਜਮੀਲ ਨੇ ਕਿਹਾ ਕਿ ਉਰਦੂ ਅਕਾਦਮੀ ਸਾਹਿਤਕ ਸੰਸਥਾ ਹੈ, ਪਰ ਉਸ ਨੇ ਜੋ ਕੀਤਾ, ਉਸ ਤੋਂ ਲਗਦਾ ਹੈ ਕਿ ਜਿਵੇਂ ਉਹ ਮਦਰੱਸਾ ਬਣ ਗਈ ਹੈ।
ਇਸ ਵਿਵਾਦ ਨੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਵਧ ਰਹੇ ਹਮਲਿਆਂ ਅਤੇ ਸੱਭਿਆਚਾਰਕ ਮੰਚਾਂ ’ਤੇ ਧਾਰਮਕ ਗਰੁੱਪਾਂ ਦੇ ਵਧ ਰਹੇ ਪ੍ਰਭਾਵ ਬਾਰੇ ਚਿੰਤਾ ਨੂੰ ਵਧਾਇਆ ਹੈ। ਵਧੇਰੇ ਚਿੰਤਾ ਦੀ ਗੱਲ ਇਸ ਕਰਕੇ ਹੈ ਕਿ ਇਹ ਘਟਨਾ ਪੱਛਮੀ ਬੰਗਾਲ ਵਿੱਚ ਵਾਪਰੀ ਹੈ, ਜਿਸ ਨੇ ਰਵਿੰਦਰ ਨਾਥ ਟੈਗੋਰ, ਵਿਵੇਕਾਨੰਦ ਤੇ ਨੂਰੁਲ ਇਸਲਾਮ ਵਰਗੇ ਵਿਦਵਾਨ ਦਿੱਤੇ। ਅਕਾਦਮੀ ਦੇ ਫੈਸਲੇ ਨੇ ਦਰਸਾਇਆ ਹੈ ਕਿ ਮੁਸਲਮਾਨਾਂ ਦੀਆਂ ਵੋਟਾਂ ਖਾਤਰ ਮਮਤਾ ਬੈਨਰਜੀ ਦੀ ਸਰਕਾਰ ਨੇ ਸਾਹਿਤਕ ਸਮਾਗਮ ’ਤੇ ਹੀ ਸੈਂਸਰਸ਼ਿਪ ਲਾ ਦਿੱਤੀ ਹੈ। ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਮਮਤਾ ਉਦਾਰਵਾਦੀ ਹੋਣ ਦਾ ਖੇਖਣ ਕਰਦੀ ਹੈ। ਉਹ ਹਿੰਦੂ ਕੱਟੜਪੰਥੀਆਂ ਦਾ ਵਿਰੋਧ ਤਾਂ ਕਰਦੀ ਹੈ, ਪਰ ਖੁਦ ਮੁਸਲਮ ਕੱਟੜਪੰਥੀਆਂ ਨਾਲ ਹਮਦਰਦੀ ਰੱਖਦੀ ਹੈ।



