ਹੈਦਰਾਬਾਦ : ਭਾਰਤ ਰਾਸ਼ਟਰ ਸਮਿਤੀ (ਬੀ ਆਰ ਐੱਸ) ਦੇ ਬਾਨੀ ਤੇ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ ਸੀ ਆਰ) ਦੀ ਧੀ ਕੇ. ਕਵਿਤਾ ਨੇ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਦੇ ਇੱਕ ਦਿਨ ਬਾਅਦ ਬੁੱਧਵਾਰ ਪਾਰਟੀ ਤੇ ਵਿਧਾਨ ਪ੍ਰੀਸ਼ਦ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਆਪਣੇ ਚਚੇਰੇ ਭਰਾ ਤੇ ਸਾਬਕਾ ਮੰਤਰੀ ਟੀ. ਹਰੀਸ਼ ਰਾਓ ’ਤੇ ਕੇ ਸੀ ਆਰ ਦੇ ਪਰਵਾਰ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਆਪਣੇ ਸਮਰਥਕਾਂ ਨਾਲ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 47 ਸਾਲਾ ਸਾਬਕਾ ਸੰਸਦ ਮੈਂਬਰ ਕਵਿਤਾ ਨੇ ਹਰੀਸ਼ ਰਾਓ ’ਤੇ ਮੁੱਖ ਮੰਤਰੀ ਏ ਰੇਵੰਤ ਰੈਡੀ ਨਾਲ ਗੱਢ-ਤੁੱਪ ਰੱਖਣ ਦਾ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਉਸ ਦੇ ਭਰਾ ਅਤੇ ਬੀ ਆਰ ਐੱਸ ਦੇ ਕਾਰਜਕਾਰੀ ਪ੍ਰਧਾਨ ਕੇ ਟੀ ਰਾਮਾ ਰਾਓ ਨੂੰ ਹਰੀਸ਼ ਰਾਓ ਦੀਆਂ ਸਾਜ਼ਿਸ਼ਾਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੀ ਅਤੇ ਸਮਰਥਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰੇਗੀ।




