ਪੁਤਿਨ-ਕਿਮ ਮੁਲਾਕਾਤ

0
90

ਬੀਜਿੰਗ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਇੱਥੇ ਇੱਕ ਵੱਡੀ ਫੌਜੀ ਪਰੇਡ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਡਿਆਓਯੁਤਾਈ ਸਟੇਟ ਗੈਸਟ ਹਾਊਸ ਵਿਖੇ ਮੁਲਾਕਾਤ ਕੀਤੀ। ਮੀਟਿੰਗ ਸ਼ੁਰੂ ਹੋਣ ’ਤੇ ਪੱਤਰਕਾਰਾਂ ਦੇ ਸਾਹਮਣੇ ਬੋਲਦਿਆਂ ਪੁਤਿਨ ਨੇ ਉੱਤਰੀ ਕੋਰੀਆ ਦੇ ਸਿਪਾਹੀਆਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਰੂਸ ਦੇ ਕੁਰਸਕ ਬਾਰਡਰ ਖੇਤਰ ਵਿੱਚ ਯੂਕਰੇਨੀ ਘੁਸਪੈਠ ਨੂੰ ਰੋਕਣ ਲਈ ਮਾਸਕੋ ਦੀਆਂ ਫੌਜਾਂ ਦੇ ਨਾਲ ਲੜਾਈ ਲੜੀ। ਕਿਮ ਨੇ ਕਿਹਾ ਕਿ ਪਿਓਂਗਯਾਂਗ ਅਤੇ ਮਾਸਕੋ ਵਿਚਕਾਰ ਸਹਿਯੋਗ ਕਾਫੀ ਮਜ਼ਬੂਤ ਹੋਇਆ ਹੈ, ਕਿਉਂਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਜੂਨ ਵਿੱਚ ਉੱਤਰੀ ਕੋਰੀਆ ਦੀ ਰਾਜਧਾਨੀ ਵਿੱਚ ਇੱਕ ਸਿਖਰ ਸੰਮੇਲਨ ਦੌਰਾਨ ਇੱਕ ਰਣਨੀਤਕ ਭਾਈਵਾਲੀ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਹਾਲਾਂਕਿ ਖਾਸ ਤੌਰ ’ਤੇ ਜੰਗ ਦਾ ਜ਼ਿਕਰ ਨਾ ਕਰਦਿਆਂ ਕਿਮ ਨੇ ਜ਼ੋਰ ਦੇ ਕੇ ਕਿਹਾ, ‘ਜੇ ਮੈਂ ਤੁਹਾਡੇ ਅਤੇ ਰੂਸ ਦੇ ਲੋਕਾਂ ਲਈ ਕੁਝ ਕਰ ਸਕਦਾ ਹਾਂ, ਜੇ ਹੋਰ ਕੁਝ ਕਰਨ ਦੀ ਲੋੜ ਹੈ, ਤਾਂ ਮੈਂ ਇਸ ਨੂੰ ਇੱਕ ਭਾਈਚਾਰਕ ਫਰਜ਼, ਇੱਕ ਜ਼ਿੰਮੇਵਾਰੀ ਸਮਝਾਂਗਾ ਅਤੇ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਰਹਾਂਗਾ।’ਪਹਿਲੀ ਵਾਰ ਹੈ, ਜਦੋਂ ਕਿਮ ਨੇ ਆਪਣੇ 14 ਸਾਲਾਂ ਦੇ ਸ਼ਾਸਨ ਦੌਰਾਨ ਕਿਸੇ ਵੱਡੇ ਬਹੁ-ਪੱਖੀ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ ਅਤੇ ਇਹ ਪਹਿਲੀ ਵਾਰ ਹੈ, ਜਦੋਂ ਕਿਮ, ਪੁਤਿਨ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਇੱਕੋ ਥਾਂ ’ਤੇ ਇਕੱਠੇ ਹੋਏ ਹਨ।