ਚੰਡੀਗੜ੍ਹ : ਭਾਖੜਾ ਅਤੇ ਪੌਂਗ ਡੈਮਾਂ ਤੋਂ ਭਾਰੀ ਪਾਣੀ ਛੱਡਣ ਨਾਲ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿਗੜ ਗਈ ਹੈ। ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਸਤਲੁਜ ਦਰਿਆ ਨੇੜੇ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ, ਕਿਉਂਕਿ ਹਿਮਾਚਲ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਭਾਖੜਾ ਡੈਮ ਤੋਂ ਭਾਰੀ ਪਾਣੀ ਛੱਡਿਆ ਗਿਆ ਹੈ। ਸਵੇਰੇ 6 ਵਜੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,677.84 ਫੁੱਟ ਸੀ, ਜਦੋਂ ਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ 1,680 ਫੁੱਟ ਹੈ। ਡੈਮ ਵਿੱਚ ਪਾਣੀ ਦਾ ਵਹਾਅ 86,822 ਕਿਊਸਿਕ ਸੀ, ਜਦੋਂ ਕਿ ਬਾਹਰੀ ਵਹਾਅ 65,042 ਕਿਊਸਿਕ ਸੀ। ਅਧਿਕਾਰੀਆਂ ਨੇ ਕਿਹਾ ਕਿ ਹਿਮਾਚਲ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਡੈਮ ਤੋਂ ਪਾਣੀ ਦਾ ਨਿਕਾਸ 65,000 ਕਿਊਸਿਕ ਤੋਂ ਵਧਾ ਕੇ 75,000 ਕਿਊਸਿਕ ਕੀਤਾ ਜਾ ਰਿਹਾ ਹੈ ਅਤੇ ਨੰਗਲ ਖੇਤਰ ਦੇ ਪਿੰਡ ਪ੍ਰਭਾਵਤ ਹੋ ਸਕਦੇ ਹਨ।
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜਪੁਰਾ ਸਬ-ਡਵੀਜ਼ਨ ਵਿੱਚ ਘੱਗਰ ਦਰਿਆ ਦੇ ਨੇੜੇ ਪੈਂਦੇ ਪਿੰਡਾਂ ਦੇ ਵਸਨੀਕਾਂ ਲਈ ਜਲ ਸਰੋਤ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਮੁਹਾਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਦਰਿਆ ਦੇ ਕੰਢੇ ਰਹਿਣ ਵਾਲੇ ਵਸਨੀਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਦੇ ਅਧਿਕਾਰੀਆਂ ਨੇ ਕਿਹਾ ਕਿ ਪੌਂਗ ਡੈਮ ਤੋਂ ਪਾਣੀ ਛੱਡਣਾ ਜਾਰੀ ਰੱਖਣ ਲਈ ਮਜਬੂਰ ਹੋਣਾ ਪਿਆ ਹੈ, ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਚਾਰ ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ। ਬੁੱਧਵਾਰ ਤੱਕ ਜਲ ਭੰਡਾਰ ਦਾ ਪੱਧਰ 1,394.15 ਫੁੱਟ ਤੱਕ ਪਹੁੰਚ ਗਿਆ, ਜੋ ਕਿ 1,390 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਲਗਭਗ ਚਾਰ ਫੁੱਟ ਉੱਪਰ ਹੈ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਉੱਚਾ ਪੱਧਰ ਹੈ।
ਬੀ ਬੀ ਐੱਮ ਬੀ ਅਧਿਕਾਰੀਆਂ ਮੁਤਾਬਕ ਪੌਂਗ ਡੈਮ ਵਿੱਚ ਪਾਣੀ ਦਾ ਵਹਾਅ ਦੁਪਹਿਰ 1 ਵਜੇ 1,55,261 ਕਿਊਸਿਕ ਮਾਪਿਆ ਗਿਆ। ਸਟੋਰੇਜ ਨੂੰ ਨਿਯਮਤ ਕਰਨ ਲਈ ਇੰਜੀਨੀਅਰਾਂ ਨੇ ਛੇ ਬਿਜਲੀ ਪੈਦਾ ਕਰਨ ਵਾਲੇ ਯੂਨਿਟ ਚਲਾਏ, ਟਰਬਾਈਨਾਂ ਰਾਹੀਂ 16,988 ਕਿਊਸਿਕ ਅਤੇ ਸਪਿਲਵੇਅ ਗੇਟ ਖੋਲ੍ਹ ਕੇ 62,949 ਕਿਊਸਿਕ ਪਾਣੀ ਛੱਡਿਆ। ਸਾਂਝੇ ਤੌਰ ’ਤੇ ਪਾਣੀ ਦਾ ਨਿਕਾਸ 79,937 ਕਿਊਸਿਕ ਰਿਹਾ, ਜੋ ਆਉਣ ਵਾਲੇ ਪਾਣੀ ਨਾਲੋਂ ਕਾਫੀ ਘੱਟ ਹੈ।
ਮੁਕੇਰੀਆਂ ਹਾਈਡਲ ਚੈਨਲ ’ਤੇ ਨਿਕਾਸ 11,500 ਕਿਊਸਿਕ ਦਰਜ ਕੀਤਾ ਗਿਆ, ਜਦੋਂ ਕਿ ਸ਼ਾਹ ਨਹਿਰ ਬੈਰਾਜ ’ਤੇ ਹੋਰ ਹੇਠਾਂ ਵੱਲ ਵਹਾਅ 68,437 ਕਿਊਸਿਕ ਨੂੰ ਛੂਹ ਗਿਆ, ਜੋ ਕਿ ਪੰਜਾਬ ਦੇ ਮੈਦਾਨੀ ਇਲਾਕਿਆਂ ਵੱਲ ਭਾਰੀ ਪਾਣੀ ਦੀ ਗਤੀ ਨੂੰ ਦਰਸਾਉਂਦਾ ਹੈ। ਮੰਗਲਵਾਰ ਨੂੰ ਪਾਣੀ ਦਾ ਵਹਾਅ 78,891 ਕਿਊਸਿਕ ਦਰਜ ਕੀਤਾ ਗਿਆ, ਜਦਕਿ ਸੋਮਵਾਰ ਨੂੰ ਇਹ 1,09,920 ਕਿਊਸਿਕ ਸੀ ਅਤੇ ਐਤਵਾਰ ਨੂੰ ਵੀ ਇਹ 1,09,920 ਕਿਊਸਿਕ ਸੀ।
ਘੱਗਰ ਦਾ ਪਾਣੀ ‘ਆਊਟ ਆਫ ਕੰਟਰੋਲ’ ਹੋਣ ਲੱਗਾ ਹੈ। ਪੌਂਗ ਡੈਮ ’ਚ ਮੰਗਲਵਾਰ ਰਾਤ ਤੋਂ ਵੱਧ ਤੋਂ ਵੱਧ ਪੌਣੇ ਤਿੰਨ ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਉਪਰ ਚਲਾ ਗਿਆ ਹੈ। ਇਸੇ ਤਰ੍ਹਾਂ ਭਾਖੜਾ ਡੈਮ ’ਚ ਮੰਗਲਵਾਰ ਰਾਤ ਤੋਂ ਵੱਧ ਤੋਂ ਵੱਧ 1.15 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਦੋ ਫੁੱਟ ਹੇਠਾਂ ਰਹਿ ਗਿਆ ਹੈ। ਰਣਜੀਤ ਸਾਗਰ ਡੈਮ ’ਚ ਵੀ ਪਹਾੜਾਂ ’ਚੋਂ ਪਾਣੀ ਇੱਕ ਲੱਖ ਕਿਊਸਿਕ ਤੋਂ ਜ਼ਿਆਦਾ ਆਉਣ ਲੱਗਿਆ ਹੈ। ਘੱਗਰ ਦੇ ਤਿੰਨ ਪ੍ਰਮੁੱਖ ਪੁਆਇੰਟਾਂ ’ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ। ਘੱਗਰ ’ਚ ਇਕਦਮ 35,208 ਕਿਊਸਿਕ ਪਾਣੀ ਹੋਰ ਆਇਆ ਹੈ। ਸਰਦੂਲਗੜ੍ਹ ਕੋਲ ਘੱਗਰ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ ਹੈ, ਜਦੋਂ ਕਿ ਚਾਂਦਪੁਰਾ ਕੋਲ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਇਸੇ ਤਰ੍ਹਾਂ ਖਨੌਰੀ ਕੋਲ ਘੱਗਰ ’ਚ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ। ਘੱਗਰ ’ਚ ਆਏ ਉਛਾਲ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜਾਂ ’ਚੋਂ ਅਣਕਿਆਸੇ ਪਾਣੀ ਦੇ ਆਉਣ ਕਰਕੇ ਡੈਮਾਂ ’ਚੋਂ ਕਿਸੇ ਵੇਲੇ ਵੀ ਪਾਣੀ ਛੱਡਣ ਦੀ ਮਾਤਰਾ ’ਚ ਵਾਧਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਜੰਮੂ ਤੇ ਕਸ਼ਮੀਰ, ਲੱਦਾਖ, ਹਿਮਾਚਲ, ਉੱਤਰੀ ਪੰਜਾਬ, ਉੱਤਰੀ ਹਰਿਆਣਾ, ਪੂਰਬੀ ਰਾਜਸਥਾਨ, ਦੱਖਣ-ਪੱਛਮੀ ਯੂ ਪੀ, ਉੱਤਰ-ਪੱਛਮੀ ਤੇ ਪੂਰਬੀ ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਗਾ, ਲੁਧਿਆਣਾ, ਬਰਨਾਲਾ ਤੇ ਸੰਗਰੂਰ ਤੇ ਮੁਹਾਲੀ ਰੈੱਡ ਅਲਰਟ ਅਧੀਨ ਹਨ। ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਸਬ-ਡਵੀਜ਼ਨ ਦੇ ਜੰਗਮਬਾਗ ਇਲਾਕੇ ਵਿੱਚ ਮੰਗਲਵਾਰ ਸ਼ਾਮ ਜ਼ਮੀਨ ਖਿਸਕਣ ਕਾਰਨ ਇੱਕ ਪਰਵਾਰ ਦੇ ਚਾਰ ਮੈਂਬਰਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ। ਦੋ ਰਿਹਾਇਸ਼ੀ ਘਰ ਦੱਬ ਗਏ ਅਤੇ ਇੱਕ ਰਾਹਗੀਰ ਵੀ ਫਸ ਗਿਆ।





