ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਹੜ੍ਹ ਪੀੜਤ ਖੇਤਰਾਂ ਦਾ ਦੌਰਾ

0
63

ਤਰਨ ਤਾਰਨ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਹੋਰ ਅਹੁਦੇਦਾਰਾਂ ਵੱਲੋਂ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਦੱਸਿਆ ਗਿਆ ਕਿ ਪਿੰਡ ਜੱਲੋ ਕੇ ਅਤੇ ਕੋਟ ਬੁੱਢਾ ਬੁਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਘਿਰੇ ਹੋਏ ਹਨ। ਹੜ੍ਹ ਦੇ ਪਾਣੀ ਦੀ ਮਾਰ ਏਨੀ ਤੇਜ਼ ਸੀ ਕਿ ਬਹੁਤੇ ਲੋਕਾਂ ਨੂੰ ਘਰਾਂ ਦਾ ਸਾਮਾਨ ਚੁੱਕ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਣ ਦਾ ਮੌਕਾ ਹੀ ਨਾ ਮਿਲ ਸਕਿਆ। ਬੇੜੀ ਦਾ ਪ੍ਰਬੰਧ ਨਾ ਹੋਣ ਕਰਕੇ ਲੋਕ ਟਿਊਬਾਂ ’ਤੇ ਚੜ੍ਹ ਕੇ ਪਾਣੀ ਤੋਂ ਬਾਹਰ ਆਏ। ਛੋਟੇ-ਛੋਟੇ ਬੱਚੇ ਵਿਲਕਦੇ ਦੇਖ ਕੇ ਹਰ ਸੰਵੇਦਨਸ਼ੀਲ ਬੰਦੇ ਦਾ ਮਨ ਪਸੀਜ ਜਾਂਦਾ ਹੈ। ਪੰਜਾਬ ਖੇਤ ਮਜ਼ਦੂਰ ਸਭਾ ਦੀ ਟੀਮ ਪਿੰਡ ਕੋਟ ਬੁੱਢਾ ਦੀਆਂ ਬਹਿਕਾਂ ’ਤੇ ਵੀ ਪਹੁੰਚੀ। ਇੱਥੇ ਵੀ ਹਾਲਾਤ ਤਰਸਯੋਗ ਹਨ। ਦੌਰੇ ਦੌਰਾਨ ਜਿਹੜੀ ਗੱਲ ਮਨ ਨੂੰ ਕੁਝ ਧਰਵਾਸ ਦਿੰਦੀ ਹੈ, ਉਹ ਇਹ ਹੈ ਕਿ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਤਨੋ-ਮਨੋ ਤੇ ਧਨੋ ਲੱਗੀਆਂ ਹੋਈਆਂ ਨਜ਼ਰ ਆਈਆਂ। ਸਭਾ ਦੀ ਟੀਮ ਪਿੰਡ ਸੀਤੋ ਵੀ ਪਹੁੰਚੀ। ਇੱਥੇ ਮੀਂਹ ਦੇ ਪਾਣੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਇੱਥੋਂ ਦੇ ਮਜ਼ਦੂਰ ਘਰਾਂ ਦੀ ਹਾਲਤ ਡਾਢੀ ਤਰਸਯੋਗ ਹੈ। ਕੰਮ-ਧੰਦੇ ਬੰਦ ਹੋਣ ਕਾਰਨ ਕਈ ਪਰਵਾਰਾਂ ਦੀ ਹਾਲਤ ਫਾਕਾਕਸ਼ੀ ਵਾਲੀ ਬਣੀ ਹੋਈ ਹੈ। ਇਨ੍ਹਾਂ ਪਰਵਾਰਾਂ ਨੇ ਸਹਾਇਤਾ ਲਈ ਗੁਹਾਰ ਲਾਈ ਹੈ। ਇਸੇ ਦੌਰਾਨ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮਾਰੀ ਗਈ ਫਸਲ ਦਾ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾ ਕਿਹਾ ਕਿ ਖੇਤ ਮਜ਼ਦੂਰ ਵੀ ਪੂਰੀ ਤਰ੍ਹਾਂ ਖੇਤੀ ਨਾਲ ਜੁੜੇ ਹੋਏ ਹਨ। ਜਿਹੜੀ ਸਮੱਸਿਆ ਨਾਲ ਮੌਜੂਦਾ ਸਮੇਂ ਜੂਝਿਆ ਜਾ ਰਿਹਾ ਹੈ, ਇਹ ਕਈ ਮਹੀਨਿਆਂ ਤੱਕ ਬਰਕਰਾਰ ਰਹਿਣੀ ਹੈ। ਪ੍ਰਭਾਵਤ ਮਜ਼ਦੂਰ ਵਰਗ ਕੰਮਾਂ ਤੋਂ ਵਿਹਲਾ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਮਜ਼ਦੂਰਾਂ ਨੂੰ ਪ੍ਰਤੀ ਘਰ 30 ਹਜ਼ਾਰ ਰੁਪਏ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਕਾਮਰੇਡ ਜੁਗਿੰਦਰ ਸਿੰਘ ਸੀਤੋ, ਸਰਵਣ ਸਿੰਘ ਕਿਰਤੋਵਾਲ, ਸਰਵਣ ਸਿੰਘ ਸੀਤੋ, ਕਰਮਜੀਤ ਸਿੰਘ ਸੀਤੋ, ਬਲਜਿੰਦਰ ਕੌਰ ਤਰਨ ਤਾਰਨ, ਸਰਬਜੀਤ ਕੌਰ, ਗੁਰਵਿੰਦਰ ਸਿੰਘ, ਸੋਨਾ ਸਿੰਘ ਕਿਰਤੋਵਾਲ ਮੌਜੂਦ ਸਨ।